ਫ਼ਰੀਦਕੋਟ: ਪੂਰੇ ਵਿਸ਼ਵ ਵਿੱਚ ਤੇਜੀ ਨਾਲ ਫੈਲ ਰਹੇ ਕੋਰੋਨਾਂ ਵਾਇਰਸ ਦੇ ਫੈਲਾਅ ਨੂੰ ਪੰਜਾਬ ਅੰਦਰ ਪੈਰ ਪਸਾਰਨ ਤੋਂ ਰੋਕਣ ਅਤੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ।
ਬਾਬਾ ਫਰੀਦ ਯੂਨੀਵਸਰਟੀ ਦੇ ਵਾਇਸ ਚਾਂਸਲਰ ਨੇ ਇਸੇ ਹਫ਼ਤੇ ਫ਼ਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਕੋਰੋਨਾ ਵਾਇਰਸ ਦੇ ਟੈਸਟ ਕਰਨ ਵਾਲੀ ਲੈਬ ਸਥਾਪਿਤ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ ਅਤੇ ਨਾਲ ਹੀ ਯੂਨੀਵਸਰਟੀ ਕੋਲ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਲਈ ਜ਼ਰੂਰੀ ਸਾਜੋ ਸਮਾਨ ਪੂਰੀ ਮਾਤਰਾ ਵਿਚ ਹੋਣ ਬਾਰੇ ਵੀ ਦਆਵੇ ਕੀਤੇ ਜਾ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ਼ ਦੇ ਵਾਇਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਬਾਬਾ ਫਰੀਦ ਯੂਨੀਵਸਰਟੀ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਇਕ ਸਪੈਸ਼ਲ ਵਾਰਡ ਬਣਾਇਆ ਗਿਆ ਹੈ, ਜਿਸ ਵਿਚ ਵੈਂਟੀਲੇਟਰ ਦੀ ਸੁਵਿਧਾ ਵੀ ਉਪਲੱਬਧ ਹੈ, ਜਿਸ ਨੂੰ ਤਿੰਨ ਵੱਖ-ਵੱਖ ਭਾਗਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਰਡ ਵਿਚ 100 ਮਰੀਜ਼ ਇੱਕੋ ਸਮੇਂ ਰੱਖਣ ਦੀ ਸੁਵਿਧਾ ਹੈ ਅਤੇ ਲੋੜ ਪੈਣ ਤੇ ਇਸ ਦੀ ਸਮਰੱਥਾ 200 ਬੈਡ ਦੀ ਵੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਲਈ ਇਕ ਵਿਸ਼ੇਸ਼ ਲੈਬ ਵੀ ਇਸ ਹਫ਼ਤੇ ਇੱਥੇ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦਾ ਟੈਸਟ ਇੱਥੇ ਹੀ ਕੀਤਾ ਜਾਵੇਗਾ, ਜਿਸ ਦੀ ਰਿਪੋਟ ਮਹਿਜ਼ 48 ਘੰਟਿਆਂ ਵਿੱਚ ਆ ਜਾਵੇਗੀ।
ਇਹ ਵੀ ਪੜੋ: 'ਬੇਲਗ਼ਾਮ ਘੁੰਮ ਰਹੇ ਮੰਤਰੀਆਂ ਤੇ ਵਿਧਾਇਕਾਂ ਦੀ ਲਗਾਮ ਕੱਸਣ ਕੈਪਟਨ'
ਇਸ ਤੋਂ ਪਹਿਲਾਂ ਇਹ ਟੈਸਟ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਚ ਕੀਤੇ ਜਾਂਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੇ ਡਾਕਟਰੀ ਅਮਲੇ ਲਈ ਜ਼ਰੂਰੀ ਸਾਜੋ ਸਮਾਨ ਪੂਰੀ ਮਾਤਰਾ ਵਿੱਚ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰਾਂ ਅੰਦਰ ਰਹਿਣ ਦੀ ਅਪੀਲ ਵੀ ਕੀਤੀ।