ਫਰੀਦਕੋਟ: ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਅੱਜ ਮਨਾਈ ਜਾ ਰਹੀ ਹੈ। ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੂੰ ਪੂਰਾ ਦੇਸ਼ ਸ਼ਰਧਾਂਜਲੀ ਦੇ ਰਿਹਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਬਾਬਾ ਸਾਹਿਬ ਬਹੁਤ ਹੀ ਮਹਾਨ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਦੀ ਰਚਨਾ ਕਾਰਨ ਹੀ ਸਮਾਜ ਦੇ ਅਤਿ ਪਿਛੜੇ ਅਤੇ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਅਜੋਕੇ ਭਾਰਤ ਦੇ ਨਿਰਮਾਣ ਵਿੱਚ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਪੀਕਰ ਸਰਦਾਰ ਸੰਧਵਾਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਇਕ ਦੂਰਅੰਦੇਸ਼ ਵਿਅਕਤੀ ਸਨ, ਜਿੰਨਾਂ ਨੇ ਗਰੀਬੀ ਅਤੇ ਪੱਖਪਾਤ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਇਸ ਕਲਪਨਾ ਨੂੰ ਸਾਰਥਕ ਰੂਪ ਦੇਣ ਲਈ ਸਾਨੂੰ ਅਜਿਹਾ ਸੰਵਿਧਾਨ ਘੜ ਕੇ ਦਿੱਤਾ ਜਿਸ ਨੇ ਇਸ ਦੇਸ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣਾ ਦਿੱਤਾ।
ਉਨਾਂ ਕਿਹਾ ਕਿ ਸਮਾਨਤਾ, ਨਿਆਂ ਅਤੇ ਸੁਤੰਤਰਤਾ ਬਾਰੇ ਉਨਾਂ ਦਾ ਦ੍ਰਿਸ਼ਟੀਕੋਨ ਭਾਰਤੀਆਂ ਅਤੇ ਵਿਸ਼ਵ ਭਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਪੇ੍ਮੀਆਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਨਾਂ ਨੇ ਕਿਹਾ ਕਿ ਪੂਰਾ ਦੇਸ਼ ਅੱਜ ਬਾਬਾ ਸਾਹਿਬ ਦਾ ਰਿਣੀ ਹੈ ਜਿੰਨਾਂ ਨੇ ਮੁਲਕ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਹੱਕ ਦਿੱਤਾ ਸੀ।
ਇਹ ਵੀ ਪੜੋ: ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਸੀਐੱਮ ਮਾਨ