ਫ਼ਰੀਦਕੋਟ : ਜ਼ਿਲ੍ਹੇ ਦੇ ਪਿੰਡ ਢੀਮਾਂ ਵਾਲੀ ਵਿੱਚ ਬਿਜਲੀ ਵਿਭਾਗ ਦੇ ਵੱਲੋਂ ਸਰਕਾਰੀ ਹਦਾਇਤਾਂ ਖ਼ਿਲਾਫ਼ ਜਾਂਦੇ ਹੋਏ ਗਰੀਬ ਪਰਿਵਾਰ ਦਾ ਬਿਜਲੀ ਦਾ ਮੀਟਰ ਕੱਟ ਦਿੱਤਾ ਗਿਆ। ਇਸ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ 'ਤੇ ਆਰਥਿਕ ਤੰਗੀ ਦਾ ਦੌਰ ਚੱਲ ਰਿਹਾ ਹੈ। ਇਸੇ ਕਾਰਨ ਹੀ ਉਹ ਆਪਣਾ ਬਿਜਲੀ ਦਾ ਬਿੱਲ ਨਹੀਂ ਭਰ ਸਕਿਆ।
ਪੀੜਤ ਪਰਿਵਾਰ ਦੇ ਮੁੱਖੀ ਜਸਵਿੰਦ ਸਿੰਘ ਨੇ ਦੱਸਿਆ ਕਿ ਉਹ ਬੀਤੇ ਸਮੇਂ ਸੜਕ ਦੁਰਘਟਨਾ 'ਚ ਜ਼ਖਮੀ ਹੋ ਗਿਆ ਸੀ ਅਤੇ ਇਸੇ ਦੌਰਾਨ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ। ਇਸੇ ਕਾਰਨ ਹੀ ਉਹ ਬਿਜਲੀ ਦਾ ਬਿੱਲ ਨਹੀਂ ਭਰ ਸਕਿਆ। ਪੀੜਤ ਨੇ ਦੱਸਿਆ ਕਿ ਉਸ ਵੱਲੋਂ ਕੁਝ ਪੈਸੇ ਨਾਲ ਬਿੱਲ ਭਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਭਾਗ ਨੇ ਉਸ ਸਮੇਂ ਸਵਿਕਾਰ ਨਹੀਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਚਾਨਕ ਵਿਭਾਗ ਦੇ ਅਧਿਕਾਰੀ ਆਏ ਅਤੇ ਉਸ ਦਾ ਮੀਟਰ ਕੱਟ ਕੇ ਲੈ ਗਏ, ਜਿਸ ਨਾਲ ਉਸ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਵੀ ਖ਼ਰਾਬ ਹੋ ਰਹੀ ਹੈ। ਪੀੜਤ ਪਰਿਵਾਰ ਦੀ ਬੱਚੀ ਜੋ ਕਿ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕਰਫਿਊ ਵਿੱਚ ਬਿਜਲੀ ਨਾ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਨੂੰ ਮੋਮਬੱਤੀ ਦੇ ਅਸਾਰੇ ਆਪਣੀ ਪੜ੍ਹਾਈ ਕਰਨੀ ਪੈ ਰਹੀ ਹੈ।
ਇਸ ਸਾਰੇ ਮਾਮਲੇ 'ਤੇ ਜਦੋਂ ਵਿਭਾਗ ਦੇ ਐੱਸਡੀਓ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਖ਼ੁਦ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਮੀਡੀਆ ਦੁਆਰਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੀਟਰ ਦੁਬਾਰਾ ਜੋੜਣ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਵਿਭਾਗ ਵੱਲੋਂ ਭੁੱਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸੇ ਦਾ ਵੀ ਮੀਟਰ ਕਰਫਿਊ ਦੌਰਾਨ ਨਹੀਂ ਕੱਟਿਆ ਜਾਵੇਗਾ।