ਫ਼ਰੀਦਕੋਟ: ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ ਤੇ ਦੂਜੇ ਪਾਸੇ ਗਰਭਵਤੀ ਮਹਿਲਾ ਧਰਨਾ ਲੱਗਾ ਕੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ। ਇਸ ਧਰਨੇ 'ਚ ਗਰਭਵਤੀ ਮਹਿਲਾ ਨੇ ਭੱਠੇ ਦੇ ਮਾਲਕ 'ਤੇ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ।
ਮਹਿਲਾ ਨੇ ਦੱਸਿਆ ਕਿ 3 ਮਈ ਨੂੰ ਉਸ ਦੇ ਪਤੀ (ਚੰਦਰ ਸ਼ੇਖਰ) ਭੱਠੇ 'ਤੇ ਬਲੱਬ ਲਗਾਉਣ ਲਈ ਗਿਆ ਸੀ ਜਿੱਥੇ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚੰਦਰ ਸ਼ੇਖਰ ਦੀ ਮੌਤ ਹੋਣ ਮਗਰੋਂ ਭੱਠੇ ਦੇ ਮਾਲਕ ਨੇ ਗਰਭਵਤੀ ਮਹਿਲਾ ਦੇ ਮ੍ਰਿਤਕ ਪਤੀ ਦਾ ਬਿਨ੍ਹਾਂ ਕਿਸੇ ਰਜ਼ਾਮੰਦੀ ਦੇ ਜ਼ਬਰਦਸਤੀ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭੱਠੇ ਦੇ ਮਾਲਕ ਨੇ ਉਸ ਦੇ ਪਤੀ ਦੇ ਕੀਤੇ ਕੰਮ ਦੇ 3500 ਦੇ ਕਰੀਬ ਪੈਸੇ ਦੇਣੇ ਸੀ ਤੇ ਹੁਣ ਉਹ ਪੈਸੇ ਦੇਣ ਤੋਂ ਵੀ ਮੁੱਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਉਸ ਦੇ 3 ਬਚੇ ਹਨ ਤੇ ਹੁਣ ਇੱਕ ਛੋਟੀ ਜਿਹੀ ਜਾਨ ਜਨਮ ਲੈਣ ਵਾਲੀ ਹੈ।
ਸਥਾਨਕ ਵਾਸੀ ਇਕਬਾਲ ਸਿੰਘ ਨੇ ਕਿਹਾ ਕਿ ਇਸ ਗਰਭਵਤੀ ਮਹਿਲਾ ਦਾ ਪਤੀ ਭੱਠੇ ਤੇ ਕੰਮ ਕਰਦਾ ਸੀ ਜਿਸ ਦੀ ਕਰੰਟ ਨਾਲ ਮੌਤ ਹੋ ਗਈ ਹੈ ਤੇ ਹੁਣ ਭੱਠੇ ਦਾ ਮਾਲਕ ਵੀ ਇਨ੍ਹਾਂ ਦੀ ਸਾਰ ਨਹੀਂ ਲੈ ਰਿਹਾ। ਪਹਿਲਾਂ ਤਾਂ ਇਸ ਮਹਿਲਾ ਦੇ ਪਤੀ ਦਾ ਜਬਰਦਸਤੀ ਅੰਤਿਮ ਸਸਕਾਰ ਕਰ ਦਿਤਾ ਸੀ ਹੁਣ ਪੈਸੇ ਦੇਣ ਤੋਂ ਪਿੱਛੇ ਹੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ:ਡਿਊਟੀ ਦੇ ਨਾਲ ਸਮਾਜ ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਪੰਜਾਬ ਦੇ ਡੀਜੀਪੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ
ਪੁਲਿਸ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਪੀੜਤ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਵੀ ਸੁਚਿਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਦੀ ਸੂਚਨਾ 112 ਦੀ ਸ਼ਿਕਾਇਤ ਰਾਹੀਂ ਮਿਲੀ ਸੀ ਜਿਸ 'ਚ ਪੀੜਤ ਪਰਿਵਾਰ ਨੇ ਪੋਸਟਮਾਟਮ ਤੋਂ ਪਹਿਲਾਂ ਹੀ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਪੀੜਤ ਦੇ ਪਰਿਵਾਰ ਨੇ ਇਹ ਬਿਆਨ ਦਿੱਤਾ ਸੀ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ ਇਸ ਦਾ ਕੋਈ ਜਿੰਮੇਵਾਰ ਨਹੀਂ ਹੈ। ਉਸ ਸਮੇਂ ਮਾਲਕ ਵੱਲੋਂ ਵੀ ਮਾਲੀ ਸਹਾਇਤਾਂ ਕੀਤੀ ਜਾ ਰਹੀ ਸੀ।