ਫ਼ਰੀਦਕੋਟ: ਇਸ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਹੱਦਾਂ ਉੱਤੇ ਬੈਠੇ ਕਿਸਾਨ ਪਿਛਲੇ ਸਵਾ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਇਸ ਕਿਸਾਨ ਅੰਦੋਲਨ ਵਿੱਚ ਲਗਾਤਾਰ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੇ ਕਾਫ਼ਲੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਰਹੇ ਹਨ ਅਤੇ ਕਈ ਪਿੰਡਾਂ ਵਿੱਚੋਂ ਖਾਣ-ਪੀਣ ਦਾ ਸਮਾਨ ਅਤੇ ਜ਼ਰੂਰੀ ਰਾਸ਼ਨ ਵੀ ਲਜਾਇਆ ਜਾ ਰਿਹਾ ਹੈ ਤਾਂ ਜੋ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਏ।
ਇਸ ਲੜੀ ਦੇ ਤਹਿਤ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਨਿਰਮਲ ਡੇਰਾ ਬਾਬਾ ਸਰੂਪ ਸਿੰਘ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੇਸੀ ਘਿਉ ਅਤੇ ਖੋਏ ਅਤੇ ਵੇਸਣ ਦੀਆਂ ਪਿੰਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦਿੱਲੀ ਵਿੱਚ ਬੈਠੇ ਕਿਸਾਨਾਂ ਲਈ ਭੇਜਿਆ ਜਾਵੇਗਾ। ਕਰੀਬ 20 ਕੁਇੰਟਲ ਪਿੰਨੀਆ ਤਿਆਰ ਕੀਤੀਆਂ ਗਈਆਂ ਹਨ ਪਿਛਲੇ 4 ਦਿਨਾਂ ਤੋਂ ਲਗਾਤਾਰ ਸੇਵਾ ਜਾਰੀ ਹੈ ਜਿਸ ਵਿੱਚ ਬੱਚੇ ਅਤੇ ਬਜ਼ੁਰਗ ਔਰਤਾਂ ਸੇਵਾ ਨਿਭਾ ਰਹੇ ਹਨ।
ਡੇਰਾ ਪ੍ਰਬੰਧਕ ਬਾਬਾ ਹਰਪ੍ਰੀਤ ਸਿੰਘ ਅਤੇ ਸੇਵਾਦਾਰ ਨੇ ਦੱਸਿਆ ਕਿ ਕੜਾਕੇ ਦੀ ਸਰਦੀ ਵਿੱਚ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਹੱਦਾਂ ਉੱਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੱਤ ਦੀ ਠੰਢ ਵਿੱਚ ਸੜਕ ਉੱਤੇ ਬੈਠਣਾ ਕਾਫੀ ਮੁਸ਼ਕਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਵੇ ਤਾਂ ਜੋ ਕਿਸਾਨ ਵਾਪਸ ਆਪਣੇ ਘਰਾਂ ਨੂੰ ਪਰਤ ਸਕਣ।
ਕਿਸਾਨ ਆਗੂ ਨੇ ਕਿਹਾ ਕਿ ਮਾਹਰ ਲੋਕ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਮੋਦੀ ਸਰਕਾਰ ਹੀ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸ ਰਹੀ ਹੈ।