ਫ਼ਰੀਦਕੋਟ: ਅਕਾਲੀ ਦਲ ਭਾਜਪਾ ਵਿਚਾਲੇ ਗਠਜੋੜ ਖ਼ਤਮ ਹੋਣ ਤੋਂ ਬਾਅਦ ਸਿਆਸਤ ਭਖ ਗਈ ਹੈ। ਅਕਾਲੀ ਦਲ ਤੇ ਭਾਜਪਾ ਦੇ ਆਗੂ ਇੱਕ ਦੂਜੇ 'ਤੇ ਹੀ ਤਿੱਖੇ ਨਿਸ਼ਾਨੇ ਵਿਨ੍ਹ ਰਹੇ ਹਨ। ਅਜਿਹੇ 'ਚ ਹਰ ਕੋਈ ਸਿਆਸੀ ਲਾਭ ਲੈਣ ਲਈ ਇਸ ਗਠਜੋੜ ਨੂੰ ਮੁੱਦਾ ਬਣਾ ਕੇ ਬਿਆਨਬਾਜ਼ੀ ਕਰ ਰਿਹਾ ਹੈ।
ਫ਼ਰੀਦਕੋਟ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨੇ ਇੱਕ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਚੰਗੇਰੇ ਹਿੱਤਾਂ ਲਈ ਅਕਾਲੀ-ਭਾਜਪਾ ਗਠਜੋੜ ਕੀਤਾ ਸੀ ਪਰ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਪੰਜਾਬ ਦੇ ਕਿਸਾਨ ਅਤੇ ਪੰਜਾਬ ਵਿਰੋਧੀ ਫੈਸਲੇ ਲਏ ਜਾਣ ਦੇ ਚਲਦੇ ਅਕਾਲੀ ਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਤੇ ਹੁਣ ਐਨਡੀਏ ਨਾਲੋਂ ਵੀ ਤੋੜ ਵਿਛੋੜਾ ਕਰ ਲਿਆ ਹੈ।
ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਵਿਰੋਧੀਆਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਕੋਈ ਬਹੁਤਾ ਜਰੂਰੀ ਨਹੀਂ ਸਮਝਦੇ ਪਰ ਕੀ ਵਿਰੋਧੀ ਕਦੀ ਪਿੰਡ ਦੀ ਪੰਚਾਇਤ ਤੋਂ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਜਾਣ ਬੁਝ ਕੇ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਭਗਵੰਤ ਮਾਨ ਰੋਲਾ ਪਾ ਰਿਹਾ ਪਰ ਕੇਜਰੀਵਾਲ ਨੇ ਅੱਜ ਤੱਕ ਕਿਸਾਨੀ ਮੁੱਦੇ 'ਤੇ ਇੱਕ ਸ਼ਬਦ ਤੱਕ ਨਹੀਂ ਬੋਲਿਆ। ਉਨ੍ਹਾਂ ਕਾਂਗਰਸ ਆਗੂ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਜਦੋਂ ਕਿਸਾਨ ਵਿਰੋਧੀ ਬਿੱਲ ਸੰਸਦ ਵਿੱਚ ਪੇਸ਼ ਹੋਣੇ ਸੀ ਤਾਂ ਰਾਹੁਲ ਗਾਂਧੀ ਅਤੇ ਸੋਨੀਆਂ ਗਾਂਧੀ ਵਿਦੇਸ਼ ਚਲੇ ਗਏ। ਉਨ੍ਹਾਂ ਦਾ ਵਿਦੇਸ਼ ਜਾਣਾ ਕਿੰਨਾ ਕੁ ਜਰੂਰੀ ਸੀ ਜੇਕਰ ਕਾਂਗਰਸ ਸੱਚਮੁਚ ਕਿਸਾਨ ਹਿਤੈਸ਼ੀ ਹੁੰਦੀ ਤਾਂ ਉਹ ਸੰਸਦ ਵਿੱਚ ਇਸ ਬਿਲ ਦੇ ਵਿਰੋਧ ਵਿੱਚ ਵੋਟ ਕਰਦੇ ਪਰ ਉਨ੍ਹਾਂ ਵੋਟ ਹੀ ਨਹੀਂ ਕੀਤੀ।