ਫਰੀਦਕੋਟ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਂਈ ਵਿੱਚ ਤੀਆਂ ਦਾ ਮੇਲਾ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਹਰ ਵਰਗ ਦੀਆ ਔਰਤਾਂ ਨੇ ਹਿੱਸਾ ਲਿਆ ਅਤੇ ਨੱਚ-ਗਾ ਕੇ ਤੇ ਪੀਘਾਂ ਝੂਟ ਕੇ ਤੀਆਂ ਦਾ ਆਨੰਦ ਮਾਣਿਆਂ। ਮੇਲੇ ਦੀ ਪ੍ਰਬੰਧਕ ਬੀਬੀ ਅਮਰਜੀਤ ਕੌਰ ਪੰਜਗਰਾਂਈ ਨੇ ਗੱਲਬਾਤ ਕਰਦਿਆ ਕਿਹਾ ਕਿ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਤੀਆਂ ਦਾ ਮੇਲਾ ਮਨਾਇਆ ਗਿਆ। ਜਿਸ ਵਿੱਚ ਪਿੰਡ ਦੀਆਂ ਹਰ ਵਰਗ ਦੀਆ ਔਰਤਾਂ ਨੇ ਹਿੱਸਾ ਲਿਆ ਅਤੇ ਆਪੋ ਆਪਣੇ ਦਿਲਾਂ ਦੀ ਖੁਸੀ ਆਪਣੀਆਂ ਸਾਥਣਾਂ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸੌਣ ਮਹੀਨੇ ਦੀ ਤੀਜ ਵਾਲੇ ਦਿਨ ਤੀਆਂ ਦੀ ਸੁਰੂਆਂਤ ਹੁੰਦੀ ਹੈ ਅਤੇ 15ਵੇਂ ਦਿਨ ਤੀਆਂ ਸਮਾਪਤ ਹੁੰਦੀਆ ਹਨ।
ਉਹਨਾਂ ਕਿਹਾ ਕਿ ਜਦੋਂ ਇਸ ਸਥਾਨ ਤੇ ਤੀਆਂ ਲੱਗਦੀਆਂ ਹਨ ਤਾਂ ਪਿੰਡ ਦਾ ਕੋਈ ਵੀ ਆਦਮੀ ਉਨੇਂ ਦਿਨ ਇਧਰੋਂ ਨਹੀਂ ਲੰਘਦਾ, ਜੋ ਪਿੰਡ ਦੇ ਲੋਕਾਂ ਦੀ ਸਿਆਣਪ ਅਤੇ ਆਪਸੀ ਭਾਈਚਾਰਕ ਤੇ ਸਾਂਝ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਅੱਜ ਵੀ ਜੋ ਪਤਵੰਦੇ ਇਥੇ ਆਏ ਹਨ ਉਹ ਪ੍ਰਬੰਧਕਾਂ ਦੇ ਬੁਲਾਵੇ ਤੇ ਆਪਣੇ ਪਰਿਵਾਰਾਂ ਸਮੇਤ ਆਏ ਹਨ। ਉਹਨਾਂ ਕਿਹਾ ਕਿ ਪਿੰਡ ਨੇ ਆਪਣੇ ਪੁਰਾਤਨ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਇਸੇ ਲਈ ਹਰ ਸਾਲ ਇੱਥੇ ਬਿਨ੍ਹਾਂ ਕਿਸੇ ਮਿਊਜਕ ਤੋਂ ਸਿਰਫ਼ ਪੰਜਾਬੀ ਰਿਵਾਇਤੀ ਬੋਲੀਆਂ ਅਤੇ ਗਿੱਧਾ ਪਾ ਕੇ ਤੀਆਂ ਮਨਾਈਆਂ ਜਾਂਦੀਆਂ ਹਨ।
ਇਸ ਮੌਕੇ ਤੀਆਂ ਵਿੱਚ ਆਈਆ ਮੁਟਿਆਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪੇਕੇ ਪਿੰਡ ਵਿੱਚ ਜਾ ਕੇ ਤੀਆਂ ਮਨਾਉਣ ਦੀ ਬਜਾਏ ਆਪਣੇ ਸਹੁਰੇ ਪਿੰਡ ਰਹਿ ਕੇ ਹੀ ਤੀਆਂ ਮਨਾਉਂਦੀਆ ਹਨ, ਕਿਉਕਿ ਉਹਨ੍ਹਾਂ ਨੂੰ ਇਥੇ ਆਪਣੇ ਪੇਕਿਆਂ ਵਰਗਾਂ ਹੀ ਪਿਆਰ ਮਿਲਦਾ। ਉਹਨਾਂ ਕਿਹਾ ਕਿ ਇਥੇ ਹਰ ਸਾਲ ਬਹੁਤ ਵਧੀਆ ਢੰਗ ਨਾਲ ਤੀਆਂ ਮਨਾਈਆ ਜਾਂਦੀਆ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਤੀਆਂ ਦੇ ਮੇਲੇ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪਿੰਡ ਪੰਜਗਰਾਂਈ ਵਿਚ ਲੜਕੀਆਂ ਦਾ ਉਤਸਾਹ ਵਧਾਉਣ ਅਤੇ ਉਹਨਾਂ ਨੂੰ ਬਣਦਾ ਸਤਿਕਾਰ ਦੇਣ ਲਈ ਹਰ ਸਾਲ ਬੀਬੀ ਅਮਰਜੀਤ ਕੌਰ ਵੱਲੋਂ ਇਕ ਵੱਡਾ ਉਪਰਾਲਾ ਕਰ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ। ਅੱਜ ਵੀ ਮੇਲੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ। ਉਹਨਾਂ ਪਿੰਡ ਦੀਆ ਔਰਤਾਂ ਅਤੇ ਬੱਚੀਆ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ।
ਇਹ ਵੀ ਪੜੋ: ਸਪੈਸ਼ਲ ਸਕੂਲ 'ਚ ਮਨਾਇਆ ਤੀਆਂ ਦਾ ਤਿਉਹਾਰ