ਫ਼ਰੀਦਕੋਟ: ਬੱਚਿਆਂ ਵਿੱਚ ਬਚਪਨ ਤੋਂ ਹੀ ਪਿਆਰ ਨਿਮਰਤਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦੇ ਗੁਣ ਪੈਦਾ ਕਰਨ ਲਈ ਨਿਰੰਕਾਰੀ ਮਿਸ਼ਨ ਵੱਲੋਂ ਬਾਲ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇਨਾਂ ਸਮਾਗਮਾਂ ਵਿੱਚ ਬੱਚਿਆ ਨੂੰ ਧਾਰਮਿਕ ਸ਼ਬਦ ਗਾਇਨ, ਕਵੀਸ਼ਰੀ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਲੜੀ ਵਿੱਚ ਫ਼ਰੀਦਕੋਟ ਦੇ ਨਿਰੰਕਾਰੀ ਭਵਨ ਵਿੱਚ ਜੋਨ ਪੱਧਰ ਦਾ ਬਾਲ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਅਸ਼ੀਰਵਾਦ ਦੇਣ ਪਹੁੰਚੇ ਸੰਤ ਨਿਰੰਕਾਰੀ ਮਿਸ਼ਨ ਦੇ ਬਠਿੰਡਾ ਜੋਨ ਦੇ ਇੰਚਾਰਜ ਐੱਸ.ਪੀ ਦੁੱਗਲ ਨੇ ਕਿਹਾ ਕਿ ਜੇਕਰ ਬੱਚਿਆ ਨੂੰ ਬਚਪਨ ਵਿੱਚ ਹੀ ਪਿਆਰ ਨਿਮਰਤਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਵਰਗੇ ਗੁਣ ਮਿਲ ਜਾਣਗੇ ਤਾਂ ਉਨ੍ਹਾਂ ਦਾ ਜੀਵਨ ਸਫ਼ਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਕਸਦ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੱਜ ਦੇ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।