ਫਰੀਦਕੋਟ: ਸ਼ਹਿਰ 'ਚ ਲੰਬੇ ਸਮੇਂ ਤੋਂ ਵੱਖ-ਵੱਖ ਲੋਕ ਭਲਾਈ ਦੇ ਕੰਮ ਕਰ ਰਹੀ ਸੰਸਥਾ ਬੀੜ ਸੁਸਾਇਟੀ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ। ਵਣ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਵੱਖ-ਵੱਖ ਨਾਕਿਆਂ 'ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਅਮਯੂਨਟੀ ਵਧਾਉਣ ਲਈ ਜੜੀ ਬੂਟੀਆਂ ਤੋਂ ਤਿਆਰ ਕੀਤਾ ਕਾੜਾ ਪਿਲਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਫਰੀਦਕੋਟ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕੀਤੀ। ਸੰਸਥਾ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਲਗਾਤਾਰ 10 ਦਿਨ ਇਹ ਕਾੜਾ ਪਿਲਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਦੇ ਵਣ ਰੇਂਜ ਅਫ਼ਸਰ ਨੇ ਕਿਹਾ ਕਿ ਵਿਭਾਗ ਦੇ ਉਚ ਅਧਿਕਾਰੀਆਂ ਦੀ ਹਿਦਾਇਤ 'ਤੇ ਹੀ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਫਰੰਟ ਲਾਈਨ 'ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਜੜੀ ਬੂਟੀਆਂ ਤੋਂ ਤਿਆਰ ਕਾੜਾ ਪਿਲਾਇਆ ਜਾਵੇ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ ਪਾਰ, 2 ਲੱਖ 10 ਹਜ਼ਾਰ ਮੌਤਾਂ
ਇਸ ਤੋਂ ਇਲਾਵਾ ਫਰੀਦਕੋਟ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬੀੜ ਸੁਸਾਇਟੀ ਅਤੇ ਵਣ ਵਿਭਾਗ ਫਰੀਦਕੋਟ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਸਿਹਤ ਸਬੰਧੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਇਸ ਨਾਲ ਫਰੰਟ ਲਾਈਨ 'ਤੇ ਡਿਉਟੀ ਕਰ ਰਹੇ ਮੁਲਾਜਮਾਂ ਦਾ ਹੌਂਸਲਾ ਵਧਦਾ ਹੈ।