ਫਰੀਦਕੋਟ: ਲੌਕਡਾਊਨ ਦੇ ਚੱਲਦੇ ਰੋਜ਼ੀ ਰੋਟੀ ਤੋਂ ਵਾਂਝੇ ਹੋਏ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪੋ-ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸਮਾਂ ਹੋਣ ਦੇ ਚੱਲਦੇ ਮਜ਼ਦੂਰਾਂ ਦੀ ਵੱਡੀ ਘਾਟ ਮਹਿਸੂਸ ਹੋਣ ਲੱਗੀ ਹੈ।
ਮਜ਼ਦੂਰਾਂ ਦੀ ਘਾਟ ਦੇ ਚੱਲਦੇ ਪੰਜਾਬੀ ਮਜ਼ਦੂਰਾਂ ਅਤੇ ਜ਼ਿੰਮੀਦਾਰਾਂ ਵਿੱਚ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ ਹੈ ਅਤੇ ਸੂਬੇ ਅੰਦਰ ਆਏ ਦਿਨ ਕਿਤੇ ਨਾ ਕਿਤੇ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਝਗੜੇ ਹੋ ਰਹੇ ਹਨ। ਫ਼ਰੀਦਕੋਟ ਦੇ ਪਿੰਡਾਂ ਦੇ ਜ਼ਿੰਮੀਂਦਾਰਾਂ ਨੇ ਜਿੱਥੇ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਮਤੇ ਪਾਸ ਕਰ ਲਏ ਹਨ ਉੱਥੇ ਹੀ ਮਜ਼ਦੂਰ ਵਰਗ ਵੱਲੋਂ ਵੀ ਝੋਨੇ ਦੀ ਲਵਾਈ ਦਾ ਰੇਟ 4500 ਰੁਪਏ ਪ੍ਰਤੀ ਏਕੜ ਮੰਗਿਆ ਜਾ ਰਿਹਾ ਹੈ।
ਮਜ਼ਦੂਰਾਂ ਵੱਲੋਂ ਆਪਣੀ ਇਸ ਮੰਗ ਦੇ ਨਾਲ ਹੀ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਨ੍ਹਾਂ ਨੂੰ 4500 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਨਹੀਂ ਦਿੱਤੀ ਜਾਂਦੀ ਤਾਂ ਉਹ ਨਾ ਤਾਂ ਖ਼ੁਦ ਪਿੰਡ ਵਿੱਚ ਕਿਸੇ ਦੇ ਖੇਤ ਵਿੱਚ ਝੋਨਾ ਲਗਾਉਣਗੇ ਅਤੇ ਨਾ ਹੀ ਬਾਹਰੋਂ ਘੱਟ ਰੇਟ ਤੇ ਆਈ ਲੇਬਰ ਨੂੰ ਝੋਨਾ ਲਗਾਉਣ ਦੇਣਗੇ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਜੇਕਰ ਜਲਦ ਕੋਈ ਕਦਮ ਨਾ ਚੁੱਕੇ ਗਏ ਤਾਂ ਵੱਡਾ ਵਿਵਾਦ ਛਿੜਨ ਦੇ ਆਸਾਰ ਵਧ ਜਾਣਗੇ।
ਇਹ ਵੀ ਪੜ੍ਹੋ: ਪਬਜੀ ਖੇਡਣ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਇੰਨਾ ਸਮਾਂ ਹੀ ਖੇਡ ਸਕਣਗੇ ਪਬਜੀ
ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਪੰਜਗਰਾਈਂ ਦੇ ਮਜ਼ਦੂਰਾਂ ਨੇ ਕਿਹਾ ਕਿ ਹੁਣ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਪਿੰਡ ਦੇ ਜ਼ਿੰਮੀਂਦਾਰ ਉਨ੍ਹਾਂ ਨੂੰ ਝੋਨੇ ਦੀ ਲਵਾਈ ਦਾ ਸਹੀ ਰੇਟ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਝੋਨੇ ਦੀ ਲਵਾਈ ਦਾ ਰੇਟ 4500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁੱਝ ਲੋਕਾਂ ਵੱਲੋਂ ਸਿਰਫ 2800 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਪਿਛਲੇ ਸਾਲ ਤੋਂ ਕਰੀਬ 700 ਰੁਪਏ ਘੱਟ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ ਨਹੀਂ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।