ਫਰੀਦਕੋਟ: ਵੈਸੇ ਤਾਂ ਖਾਕੀ ਜ਼ਿਆਦਾਤਰ ਆਪਣੇ ਵਿਵਾਦਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਪਰ ਕਹਿੰਦੇ ਨੇ "ਸਾਰੀਆਂ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ।" ਇਹ ਪੰਜਾਬੀ ਦੀ ਕਹਾਵਤ ਸਹੀ ਢੁੱਕਦੀ ਹੈ। ਖਾਕੀ ਧਾਰੀ ਸਬ ਇੰਸਪੈਕਟਰ ਹਰੀਸ਼ ਕੁਮਾਰ ਵਰਮਾ 'ਤੇ, ਹਰੀਸ਼ ਕੁਮਾਰ ਵਰਮਾ ਫਰੀਦਕੋਟ ਐੱਸ ਐੱਸ ਪੀ ਦਫ਼ਤਰ ਵਿੱਖੇ ਬਤੌਰ ਸੁਪਰਡੈਂਟ ਸੇਵਾਵਾਂ ਨਿਭਾ ਰਹੇ ਹਨ। ਵਰਮਾ ਖ਼ੁਦ ਕੈਂਸਰ ਨਾਲ ਪੀੜਤ ਹੋਣ ਦੇ ਬਾਵਜੂਦ ਵੀ ਅਪਣੀਆਂ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ।
ਆਪਣੀ ਡਿਊਟੀ ਤੋਂ ਬਾਅਦ ਹਰੀਸ਼ ਵਰਮਾ ਕੈਂਸਰ ਮਰੀਜਾਂ, ਲੋੜਵੰਦਾਂ, ਲਾਵਾਰਸਾਂ ਅਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੇ ਹਨ। ਹਰੀਸ਼ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੀ ਮਾਤਾ ਨੂੰ ਕੈਂਸਰ ਹੋ ਗਿਆ ਸੀ ਜਦੋਂ ਉਹ ਕੈਂਸਰ ਦਾ ਇਲਾਜ਼ ਕਰਵਾਉਣ ਲਈ ਆਪਣੀ ਮਾਤਾ ਨੂੰ ਹਸਪਤਾਲ 'ਚ ਲੈ ਕੇ ਜਾਂਦਾ ਸੀ ਤਾਂ ਉਹ ਦੇਖਦਾ ਸੀ ਕਿ ਕੈਂਸਰ ਪੀੜਤਾਂ ਨੂੰ ਕਿੰਨੀਆਂ ਦਰਪੇਸ਼ ਮੁਸ਼ਕਲਾਂ ਆਉਂਦੀਆਂ ਹਨ। ਇਸ ਨਾਲ ਉਸ ਦਾ ਹਿਰਦਾ ਅੰਦਰ ਤੋਂ ਝੰਜੋੜਿਆ ਗਿਆ। ਜਿਸਤੋਂ ਬਾਅਦ ਉਸਨੇ ਇਹ ਬੀੜਾ ਚੁੱਕਿਆ ਕਿ ਹਰ ਬੇ-ਸਹਾਰਾ ਦਾ ਉਹ ਸਹਾਰਾ ਬਣੇਗਾ।
ਹਰੀਸ਼ ਵਰਮਾ ਹੁਣ ਖੁਦ ਅਪਣੇ ਹੱਥੀ ਲੋੜਵੰਦਾਂ ਦੀ ਹਰ ਪੱਖ ਤੋਂ ਸੇਵਾ ਕਰ ਰਿਹਾ ਹੈ ਹੁਣ ਉਹ ਆਪਣੀ ਡਿਊਟੀ ਕਰਨ ਤੋਂ ਬਾਅਦ ਪ੍ਰਸਿੱਧ ਸਮਾਜਸੇਵੀ ਐੱਸ ਪੀ ਸਿੰਘ ਉਬਰਾਏ ਦੀ ਰਹਿਨੁਮਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਚੱਲਾਏ ਜਾ ਰਹੇ ਰੈਣ ਬਸੇਰੇ ਜਿੱਥੇ ਕਿ ਲੱਗਪਗ 100 ਤੋਂ 150 ਦੇ ਕਰੀਬ ਕੈਂਸਰ ਮਰੀਜ ਹਰ ਵਕਤ ਰਹਿੰਦੇ ਹਨ।, ਉਥੇ ਉਹ ਬਤੌਰ ਇੰਚਾਂਰਜ ਮੁੱਖ ਸੇਵਾਦਾਰ ਵਜੋਂ ਨਿਸ਼ਕਾਮ ਸੇਵਾ ਨਿਭਾ ਰਿਹਾ ਹੈ।
ਇਨ੍ਹਾਂ ਹੀ ਨਹੀਂ ਹਰੀਸ਼ ਕੁਮਾਰ ਅਪਣੀ ਕਮਾਈ ਚੋਂ ਵੱਧ ਤੋਂ ਵੱਧ ਲੋਕਾਂ ਨੂੰ ਸਹਾਇਤਾ ਦਿੰਦਾ ਹੈ। ਵਰਮਾ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਉਸ ਨੂੰ ਸਾਲ 2008 ਵਿੱਚ ਡਾਕਟਰਾਂ ਨੇ ਗਲੇ 'ਚ ਨਾ-ਮੁਰਾਦ ਬੀਮਾਰੀ ਕੈਂਸਰ ਹੋਣ ਬਾਰੇ ਦੱਸਿਆ ਸੀ ਪਰ ਉਹ ਕਰੀਬ 10 ਸਾਲਾਂ ਤੋਂ ਪਹਿਲਾਂ ਵਾਂਗ ਹੀ ਨਿਰਵਿਘਨ ਲੋੜਵੰਦਾਂ ਦੀ ਸੇਵਾ 'ਚ ਪੂਰੇ ਹੌਸਲੇ ਨਾਲ ਲੱਗੇ ਹੋਏ ਹਨ।
ਹਰੀਸ਼ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਚਾਹਿਦਾ ਹੈ ਕਿ ਉਹ ਲੋੜਵੰਦਾ ਦੀ ਸਹਾਇਤਾ 'ਚ ਅੱਗੇ ਆਉਣ ਤਾਂਜੋ ਇਸ ਨਾ-ਮੁਰਾਦ ਬੀਮਾਰੀ ਤੋਂ ਨਿਜ਼ਾਤ ਪਾਈ ਜਾ ਸਕੇ। ਇਸ ਮੌਕੇ ਗੱਲਬਾਤ ਦੌਰਾਨ ਬੇ-ਸਹਾਰਾ ਅਤੇ ਕੈਂਸਰ ਪੀੜਿਤਾਂ ਨੇ ਸਬ ਇੰਸਪੈਕਟਰ ਹਰੀਸ਼ ਵਰਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰੀਸ਼ ਸਾਡੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ।
ਐਸ ਐਸ ਪੀ ਫਰੀਦਕੋਟ ਰਾਜਬਚਨ ਸਿੰਘ ਨੇ ਦੱਸਿਆ ਕੇ ਸਾਡੇ ਦਫ਼ਤਰ ਦੇ ਸੁਪਰਡੈਂਟ ਹਰੀਸ਼ ਕੁਮਾਰ ਵਰਮਾ ਇੱਕ ਬਹੁਤ ਹੀ ਮਿਹਨਤੀ 'ਤੇ ਇਮਾਨਦਾਰ ਅਕਸ਼ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਜੋ ਐੱਸ ਐੱਸ ਪੀ ਦਫ਼ਤਰ ਦਾ ਸੁਪਰਡੈਂਟ ਦਫ਼ਤਰ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ ਪਰ ਇਹ ਅਫ਼ਸਰ ਆਪਣੀ ਡਿਊਟੀ ਤਨ-ਦੇਹੀ ਨਾਲ ਨਿਭਾਉਣ ਦੇ ਨਾਲ-ਨਾਲ ਇੱਕ ਲੋਕ ਭਲਾਈ ਦਾ ਕੰਮ ਕਰ ਰਿਹਾ ਹੈ ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਥੋੜੀ ਹੈ। ਇਹ ਅਫਸਰ ਪੰਜਾਬ ਪੁਲਿਸ ਦੇ ਸਮੂਹ ਮੁਲਾਜਮਾਂ ਲਈ ਇੱਕ ਪ੍ਰੇਰਨ-ਸਰੋਤ ਹੈ। ਅਤੇ ਇਹ ਅਫ਼ਸਰ ਡਿਊਟੀ ਲਈ ਵੀ ਪਾਬੰਧ ਹੈ ਜੇਕਰ ਰਾਤ-ਬਰਾਤੇ ਵੀ ਕਿਸੇ ਕੰਮ ਦੀ ਲੋੜ ਪਵੇ ਤਾਂ ਮਹਿਕਮੇ ਦੇ ਦਿੱਤੇ ਕੰਮ ਨੂੰ ਪੂਰਾ ਕਰਦਾ ਹੈ। ਐੱਸ ਐੱਸ ਪੀ ਨੇ ਕਿਹਾ ਕਿ ਸਾਡਾ ਵੀ ਇਸ ਅਫ਼ਸਰ ਨੂੰ ਹਰ ਪੱਖੋਂ ਪੂਰਾ ਸਹਿਯੋਗ ਹੈ ਤਾਂ ਜੋ ਇਹ ਆਪਣੀ ਇਸ ਪਿਰਤ ਨੂੰ ਹੋਰ ਤਨ-ਦੇਹੀ ਨਾਲ ਨਿਭਾ ਸਕੇ।