ਫਰੀਦਕੋਟ: ਪੰਜਾਬ ਪੁਲਿਸ ਵੱਲੋਂ ਆਪਣੇ ਕੰਮ ਪੂਰੇ ਨਾ ਕੀਤੇ ਜਾਣ 'ਤੇ ਨਾਜਾਇਜ਼ ਐੱਫ.ਆਈ.ਆਰ ਕੱਟੀਆਂ ਜਾਣ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀ ਐੱਸ ਪੀ ਜੀਰਾ ਰਾਜਵਿੰਦਰ ਸਿੰਘ ਰੰਧਾਵਾ ਦੇ ਦਫ਼ਤਰ ਅੱਗੇ ਕਿਸਾਨਾਂ ਮਜ਼ਦੂਰਾਂ 'ਤੇ ਬੀਬੀਆਂ ਨੇ ਧਰਨਾ ਲਾਇਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ 'ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ ਪੂਰੇ 2 ਸਾਲ ਤੋਂ ਲੋਕਾ ਦੀਆਂ ਸਮੱਸਿਆਵਾਂ 'ਤੇ ਦਰਖਾਸਤਾਂ ਥਾਣਿਆਂ ਵਿੱਚ ਰੁੁਲ ਰਹੀਆਂ ਹਨ। ਜਿਸ ਸਬੰਧੀ ਅਨੇਕਾਂ ਵਾਰ ਜ਼ਿਲ੍ਹੇ ਦੇ ਐਸਐਸਪੀ ਤੋਂ ਇਲਾਵਾ ਡੀ ਐੱਸ ਪੀ ਜ਼ੀਰਾ ਨਾਲ ਮੀਟਿੰਗਾਂ ਹੋਈਆਂ। ਪਰ ਹਰ ਵਾਰ ਲਾਰਾ ਲਾ ਕੇ ਬਾਅਦ ਵਿੱਚ ਮਸਲੇ ਜਿਉਂ ਦੇ ਤਿਉਂ ਹੀ ਪਏ ਰਹਿੰਦੇ ਹਨ। ਪਿਛਲੇ ਦਿਨੀ 24-6-21 ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ 'ਤੇ ਕੁਲਵੰਤ ਸਿੰਘ ਸੇਰੋਂ ਗਿੰਨੀ ਬਾਠ 'ਤੇ ਹੋਰ ਵਿਅਕਤੀਆ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ।
ਇਸ ਕਾਤਲਾਨਾ ਹਮਲੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਜਿਸ ਵਿੱਚ ਗੋਲੀ ਲੱਗਣ ਨਾਲ ਸੁਖਵੰਤ ਸਿੰਘ ਜ਼ਖ਼ਮੀ ਹੋ ਗਿਆ। ਜਿਸ ਦੀ ਥਾਣਾ ਜ਼ੀਰਾ ਸਦਰ ਵਿੱਚ ਮੁਕੱਦਮਾ 50 ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ 2 ਦਰਜਨ ਹੋਰ ਮਸਲੇ ਜਿਉਂ ਦੇ ਤਿਉਂ ਪਏ ਹਨ।
19 ਜੁਲਾਈ ਨੂੰ ਇਨ੍ਹਾਂ ਮਸਲਿਆਂ 'ਤੇ ਫਿਰੋਜ਼ਪੁਰ ਐੱਸਐੱਸਪੀ ਦਫ਼ਤਰ ਅੱਗੇ ਲੱਗੇ ਧਰਨੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ 31 ਜੁਲਾਈ ਤੱਕ ਸਾਰੇ ਮਸਲੇ ਹੱਲ ਕਰਕੇ ਸੁਖਵੰਤ ਸਿੰਘ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਰ 2 ਮਹੀਨੇ ਬੀਤਣ ਦੇ ਬਾਵਜੂਦ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਉਕਤ ਮਸਲਿਆਂ ਨੂੰ ਲੈ ਕੇ 26 ਅਗਸਤ ਨੂੰ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਸੀ। ਧਰਨੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਪੁਲਿਸ ਨੇ ਕੋਈ ਹੱਲ ਨਾ ਕੱਢਿਆ ਤਾਂ 3 ਸਤੰਬਰ ਤੋਂ 54 ਨੰਬਰ ਬਠਿੰਡਾ ਅੰਮ੍ਰਿਤਸਰ ਹਾਈਵੇਅ ਮੰਗਾਂ ਮੰਨਣ ਤੱਕ ਪੂਰਨ ਤੌਰ 'ਤੇ ਜਾਮ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ 'ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ:- ਕਾਂਗਰਸ ਨੇ ਸੈਸ਼ਨ ਲਈ ਵਿਧਾਇਕਾਂ ਨੂੰ ਵਹਿੱਪ ਜਾਰੀ ਕੀਤਾ