ਫ਼ਰੀਦਕੋਟ : ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਪੰਜਾਬ ਅੰਦਰ ਕਿਸੇ ਵੀ ਸੀਟ ਤੋਂ ਮਜ਼੍ਹਬੀ ਸਿੱਖ ਬਾਲਮੀਕ ਭਾਈਚਾਰੇ ਨੂੰ ਟਿਕਟ ਨਾ ਦਿੱਤੇ ਜਾਣ ਦਾ ਕਾਂਗਰਸ ਪਾਰਟੀ ਦੇ SC ਵਿੰਗ ਵਲੋਂ ਵਿਰੋਧ ਕੀਤਾ ਜਾ ਰਿਹਾ ਜਿਸ ਤਹਿਤ ਅੱਜ ਫਰੀਦਕੋਟ ਕਾਂਗਰਸ ਦੇ SC ਸੈੱਲ ਵਲੋਂ ਇਕ ਇਕੱਠ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਫਰੀਦਕੋਟ ਲੋਕ ਸਭਾ ਸੀਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਬਣਾਏ ਜਾਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ SC ਸੈੱਲ ਦੇ ਜਿਲ੍ਹਾ ਮੀਤ ਪ੍ਰਧਾਨ ਕੌਰ ਸਿੰਘ ਸੁਰਘੂਰੀ ਅਤੇ ਹਰਨੇਕ ਸਿੰਘ ਸੀਨੀਅਰ ਆਗੂ ਕਾਂਗਰਸ SC ਸੈੱਲ ਜਿਲ੍ਹਾ ਫਰੀਦਕੋਟ ਨੇ ਕਿਹਾ ਕਿ ਪੰਜਾਬ ਅੰਦਰ 4 ਸੀਟਾਂ ਤੇ SC ਭਾਈਚਾਰੇ ਦਾ ਹੱਕ ਹੈ ਜਿਸ ਤੇ 2 ਸੀਟਾਂ ਮਜ਼੍ਹਬੀ ਸਿੱਖ /ਬਾਲਮੀਕੀ ਭਾਈਚਾਰੇ ਦੇ ਹਿੱਸੇ ਆਉਂਦੀਆਂ ਹਨ ਅਤੇ 2 ਰਮਦਾਸੀਆ ਭਾਈਚਾਰੇ ਦੇ ਹਿੱਸੇ ਆਉਂਦੀਆਂ ਹਨ ਪਰ ਕਾਂਗਰਸ ਹਾਈਕਮਾਨ ਨੇ 3 ਸੀਟਾਂ ਤੇ ਰਮਦਾਸੀਆ ਭਾਈਚਾਰੇ ਅਤੇ ਇਕ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਹੈ ਜਿਸ ਤਹਿਤ ਮਜ਼੍ਹਬੀ ਸਿੱਖ/ਬਾਲਮੀਕੀ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਫਰੀਦਕੋਟ ਲੋਕ ਸਭਾ ਅੰਦਰ ਮਜ਼੍ਹਬੀ ਸਿੱਖ ਬਾਲਮੀਕੀ ਭਾਈਚਾਰੇ ਦੀ 45 ਪ੍ਰਤੀਸ਼ਤ ਵੋਟ ਹੈ ਪਰ ਫਿਰ ਵੀ ਇਥੋਂ ਕਾਂਗਰਸ ਨੇ ਮਜ਼੍ਹਬੀ ਸਿੱਖ ਬਾਲਮੀਕੀ ਭਾਈਚਾਰੇ ਨੂੰ ਇਥੋਂ ਨੁਮਾਇੰਦਗੀ ਨਹੀਂ ਦਿੱਤੀ ਜਿਸ ਕਾਰਨ ਉਹਨਾਂ ਵਿਚ ਭਾਰੀ ਰੋਸ ਹੈ। ਉਹਨਾਂ ਕਾਂਗਰਸ ਹਾਈ ਕਮਾਨ ਤੋਂ ਮੰਗ ਕੀਤੀ ਕਿ ਫਰੀਦਕੋਟ ਲੋਕ ਸਭਾ ਸੀਟ ਤੇ ਉਮੀਦਵਾਰ ਬਾਰੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਥੋਂ ਮਜ਼੍ਹਬੀ ਸਿੱਖ ਬਾਲਮੀਕੀ ਭਾਈਚਾਰੇ ਦੇ ਕਿਸੇ ਪੜ੍ਹੇ ਲਿਖੇ ਕਾਬਲ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ।