ਫ਼ਰੀਦਕੋਟ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਜਨਤਕ ਕੀਤੀ ਗਈ ਚਿੱਠੀ ਨੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੇ ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 7 ਪੰਨਿਆਂ ਦੀ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ, ਕਿ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਫ਼ੈਸਲਾ ਬਾਦਲ ਪਰਿਵਾਰ ਵੱਲੋਂ ਪਹਿਲਾਂ ਤੋਂ ਕੀਤਾ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਸੀ। ਇਹ ਮੁਆਫ਼ੀ ਦੇਣ ਦਾ ਫ਼ੈਸਲਾ ਅਕਾਲ ਦੇ ਤਖ਼ਤ ਦੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਬਾਅ ਦੇ ਚੱਲਦਿਆਂ ਕੀਤਾ ਸੀ।
ਉਨ੍ਹਾਂ ਇਸ ਚਿੱਠੀ ਵਿੱਚ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵੀ ਬਾਦਲ ਪਿਉ-ਪੁੱਤ ਨੂੰ ਦੋਸ਼ੀ ਦੱਸਿਆ ਹੈ। ਇਸ ਚਿੱਠੀ ਵਿੱਚ ਸਾਰੇ ਮਾਮਲੇ 'ਚ ਸ਼ਿਅਦ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੀ ਵੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਹੈ।
ਦੱਸ ਦਈਏ, ਇਹ ਚਿੱਠੀ 8 ਮਾਰਚ 2019 ਨੂੰ ਲਿਖੀ ਗਈ ਦਰਸਾਉਂਦੀ ਹੈ। ਇਸ ਦੇ ਨਾਲ ਹੀ ਗਿਆਨੀ ਇਕਬਾਲ ਸਿੰਘ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਤੇ ਸੁਰੱਖਿਆ ਦੇਣ ਦੀ ਵੀ ਗੱਲ ਕਹੀ ਹੈ।