ਫ਼ਰੀਦਕੋਟ: ਬੀਤੇ ਦਿਨੀਂ ਫ਼ਰੀਦਕੋਟ ਦੀ ਟੀਚਰ ਕਾਲੋਨੀ ਦੇ ਵਿੱਚ ਇਕ ਬਜ਼ੁਰਗ ਜੋੜੇ ਦੇ ਜ਼ਿੰਦਾ ਸੜਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਫ਼ਰੀਦਕੋਟ ਪੁਲਿਸ ਨੇ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ ਕੇ ਖੁਲਾਸਾ ਕੀਤਾ ਹੈ ਕਿ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗਣਾ ਅਤੇ ਉਨ੍ਹਾਂ ਦਾ ਸੜ ਕੇ ਮਾਰੇ ਜਾਣੇ ਹਾਦਸਾ ਨਹੀਂ ਸੀ, ਬਲਕਿ ਕਤਲ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਾਦਸੇ ਦਾ ਰੂਪ ਦਿੱਤਾ ਗਿਆ ਸੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਫ਼ਰੀਦਕੋਟ ਦੀ ਟੀਚਰ ਕਾਲੋਨੀ ਵਿੱਚ ਹੋਏ ਦੋਹਰੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਬੀਤੇ ਦਿਨੀਂ ਫ਼ਰੀਦਕੋਟ ਦੀ ਟੀਚਰ ਕਾਲੋਨੀ ਵਿੱਚ ਰਹਿਣ ਵਾਲੇ ਬਜ਼ੁਰਗ ਜੋੜੇ ਮਾਸਟਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਬਲਦੇਵ ਕੌਰ ਦੀ ਘਰ ਵਿਚ ਲੱਗੀ ਅੱਗ ਕਾਰਨ ਸੜ ਕੇ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਐੱਸਜੀਪੀਸੀ ਦਾ ਵੱਡਾ ਫ਼ੈਸਲਾ, ਹੁਣ 4 ਨਹੀਂ 7 ਸਿੱਖ ਜੱਥੇ ਜਾਣਗੇ ਪਾਕਿਸਤਾਨ
ਇਸ ਦੇ ਚਲਦਿਆਂ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਸ 'ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਜਾਂਚ ਵਿੱਚ ਜੁੜੀਆਂ ਕੜੀਆਂ ਅਤੇ ਫੌਰੈਂਸਿਕ ਜਾਂਚ ਟੀਮ ਵੱਲੋਂ ਦਿੱਤੇ ਸੁਝਾਅ 'ਤੇ ਕੰਮ ਕਰਦਿਆਂ ਥਾਣਾ ਸਿਟੀ ਦੇ ਮੁਖੀ ਐੱਸਆਈ ਰਾਜਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ਨੂੰ ਮਹਿਜ਼ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਬਜ਼ੁਰਗ ਜੋੜੇ ਦੇ ਘਰ 2 ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ, ਪਰ ਉਨ੍ਹਾਂ ਨੇ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਅਤੇ ਘਰ ਵਿਚੋਂ ਕਰੀਬ 60 ਹਜ਼ਾਰ ਰੁਪਏ ਨਕਦ, ਇੱਕ ਮੋਬਾਇਲ ਅਤੇ 2 ਤੋਲੇ ਸੋਨਾ ਲੁੱਟ ਕੇ ਘਰ ਨੂੰ ਅੱਗ ਲਗਾ ਦਿੱਤੀ ਸੀ, ਤਾਂ ਜੋ ਇਹ ਮਹਿਜ਼ ਹਾਦਸਾ ਲੱਗੇ।
ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਲੁੱਟੇ 60 ਹਜ਼ਾਰ ਰੁਪਏ ਵਿੱਚੋਂ 10 ਹਜ਼ਾਰ ਰੁਪਏ ਨਕਦ, ਲੁੱਟ ਦੇ ਪੈਸਿਆਂ ਨਾਲ ਖ਼ਰੀਦੀ ਗਈ ਫ਼ਰਿਜ ਅਤੇ ਕੂਲਰ ਸਣੇ ਬਿੱਲ, ਵਾਰਦਾਤ ਵਿੱਚ ਵਰਤਿਆ ਗਿਆ ਮੋਟਰ ਸਾਇਕਲ ਅਤੇ ਬਜ਼ੁਰਗ ਜੋੜੇ ਦਾ ਚੋਰੀ ਹੋਇਆ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ। ਐਸਐਸਪੀ ਰਾਜ ਬਚਨ ਸਿੰਘ ਨੇ ਕਿਹਾ ਕਿ ਫੜ੍ਹੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ: ਗੁਜਰਾਤ 'ਚ ਭਾਰੀ ਮੀਂਹ, ਸੜਕ 'ਤੇ ਨਜ਼ਰ ਆਇਆ ਮਗਰਮੱਛ