ਫ਼ਰੀਦਕੋਟ: ਸ਼ਹਿਰ ਵਿੱਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ। ਸੜਕ ਕਿਨਾਰੇ ਲੱਗੇ ਬਿਜਲੀ ਦੇ ਮੀਟਰ ਬਾਕਸ ਵਿੱਚ ਕਰੰਟ ਆਉਣ ਦੇ ਕਾਰਨ ਮੀਂਹ ਦੇ ਪਾਣੀ ਵਿੱਚ ਕਰੰਟ ਆ ਜਾਣ ਨਾਲ ਇੱਕ 14 ਸਾਲਾਂ ਬੱਚਾ ਕਰੰਟ ਦੀ ਚਪੇਟ ਵਿੱਚ ਆ ਗਿਆ। 2 ਰਾਹੀਗਰ ਨੌਜਵਾਨਾਂ ਨੇ ਭੱਜ ਕੇ ਬੱਚੇ ਦੀ ਜਾਨ ਬਚਾਈ। ਬੱਚਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹੋਰ ਲੋਕਾਂ ਨੂੰ ਵੀ ਕਰੰਟ ਲੱਗਣ ਪਤਾ ਚੱਲਿਆ ਹੈ। ਜਦਕਿ ਬਿਜਲੀ ਵਿਭਾਗ ਇਸ ਤੋਂ ਪੱਲਾ ਝਾੜਦਾ ਨਜ਼ਰ ਆ ਰਿਹਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਮਨਜੀਤ ਸਿੰਘ ਅਤੇ ਗੁਆਂਢੀ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਬਿਲਕੁਲ ਉਸਦੀ ਦੁਕਾਨ ਦੇ ਸਾਹਮਣੇ ਘਟੀ ਹੈ ਜੋ ਉਨ੍ਹਾਂ ਨੇ ਆਪਣੇ ਅੱਖੀਂ ਵੇਖਿਆ ਕਿ 2 ਬੱਚੇ ਜੋ ਆ ਰਹੇ ਸਨ, ਕਰੰਟ ਲੱਗਣ ਨਾਲ ਇੱਕ ਤਾਂ ਭੱਜ ਗਿਆ ਜਦਕਿ ਮਗਰ ਆ ਰਿਹਾ ਚਰਨਜੀਤ ਕਰੰਟ ਦੀ ਲਪੇਟ ਵਿੱਚ ਆ ਗਿਆ ਅਤੇ ਉੱਥੇ ਹੀ ਪਾਣੀ ਵਿਚ ਡਿੱਗ ਪਿਆ, ਜਿਸ ਨੂੰ ਮੌਕੇ 'ਤੇ 2 ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਆਪਣੀ ਜਾਨ 'ਤੇ ਖੇਡ ਕੇ ਬਚਾ ਲਿਆ।
ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਜਲਦ ਲਾਈਟ ਨਹੀਂ ਬੰਦ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਨਾਲ ਇੱਕ ਗਰੀਬ ਪਰਿਵਾਰ ਦਾ ਚਿਰਾਗ ਬੁਝਦੇ-ਬੁਝਦੇ ਬਚਿਆ ਹੈ।
ਇਹ ਵੀ ਪੜੋ: ਸਰਕਾਰੀ ਸਕੂਲਾਂ 'ਚ ਵਧੀ ਦਾਖ਼ਲਾ ਦਰ, ਲੁਧਿਆਣਾ ਰਿਹਾ ਮੋਹਰੀ
ਇਸ ਪੂਰੀ ਘਟਨਾਂ ਬਾਰੇ ਜਦੋਂ ਐਸਡੀਓ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਪੱਲਾ ਝਾੜਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮੀਂਹ ਦਾ ਪਾਣੀ ਜੋ ਕਿਸੇ ਵਹੀਕਲ ਦੇ ਲੰਘਣ ਨਾਲ ਉਛਲ ਕੇ ਬਾਕਸ ਵਿੱਚ ਚਲਿਆ ਗਿਆ ਸੀ, ਜਿਸ ਕਾਰਨ ਪਾਣੀ ਵਿਚ ਕਰੰਟ ਆ ਗਿਆ ਸੀ, ਜਦ ਉਨ੍ਹਾਂ ਨੂੰ ਇਸ ਬਾਰੇ ਫੋਨ 'ਤੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਬਿਜਲੀ ਦੀ ਸਪਲਾਈ ਬੰਦ ਕਰਵਾ ਕੇ ਚੈਕ ਕੀਤਾ ਤਾਂ ਤੱਦ ਤੱਕ ਪਾਣੀ ਨਿਕਲ ਗਿਆ ਸੀ। ਬਾਕਸ ਵਿੱਚੋਂ ਹੁਣ ਕੋਈ ਕਰੰਟ ਨਹੀਂ ਆ ਰਿਹਾ ਫਿਰ ਵੀ ਜੋ ਤਾਰਾਂ ਲਟਕ ਰਹੀਆਂ ਸਨ, ਉਨ੍ਹਾਂ ਨੂੰ ਉਪਰ ਚੁਕਵਾ ਕੇ ਤਾਰਾਂ ਨੂੰ ਟੇਪ ਕਰਵਾ ਦਿੱਤਾ ਹੈ।