ਫ਼ਰੀਦਕੋਟ: ਬੇਅਦਬੀ ਮਾਮਲੇ ਦੀ ਜਾਂਚ ਮੁੜ ਤੋਂ ਸ਼ੁਰੂ ਕਰਦਿਆਂ ਹੋਇਆਂ ਸੀਬੀਆਈ ਦੀ ਟੀਮ ਦੇ 6 ਮੈਂਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁਹੰਚੇ। ਇੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੋਰਾ ਸਿੰਘ ਤੇ ਖਜਾਨਚੀ ਮਾਤਾ ਪ੍ਰੀਤਮ ਕੌਰ ਤੋਂ ਲਗਭਗ 2 ਘੰਟੇ ਪੁੱਛਗਿਛ ਕੀਤੀ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਤੋਂ ਵੀ ਜਾਣਕਾਰੀ ਹਾਸਿਲ ਕੀਤੀ।
ਸੀਬੀਆਈ ਟੀਮ ਵੱਲੋਂ ਕੀ ਸਵਾਲ ਜਵਾਬ ਕੀਤੇ ਗਏ ਉਸ ਬਾਰੇ ਦੱਸਦਿਆਂ ਹੈੱਡ ਗ੍ਰੰਥੀ ਗੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਸੀਬੀਆਈ ਅਧਿਕਾਰੀ ਨੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੀੜ ਚੋਰੀ ਹੋਣ ਸਬੰਧੀ ਸਵਾਲ ਕੀਤੇ ਗਏ। ਗੋਰਾ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਤੋਂ ਜਿਸ ਦਿਨ ਬੀੜ ਚੋਰੀ ਹੋਈ ਸੀ ਉਸ ਦਿਨ ਉਹ ਪਿੰਡ ਦੇ ਇੱਕ ਘਰ ਵਿੱਚ ਪਾਠ ਕਰ ਰਿਹਾ ਸੀ ਜਿਸ ਦਾ ਪਤਾ ਉਸਨੂੰ ਬਾਅਦ ਵਿੱਚ ਚੱਲਿਆ। ਉਸ ਨੇ ਕਿਹਾ ਕਿ ਉਸ ਤੋਂ ਹੁਣ ਤੱਕ ਪੁਲਿਸ, SIT, ਜਾਂਚ ਕਮੀਸ਼ਨ ਤੇ ਸੀਬੀਆਈ ਵੱਲੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ। ਗੋਰਾ ਸਿੰਘ ਨੇ ਅੱਗੇ ਕਿਹਾ ਕਿ ਉਸ ਦੀ ਪਤਨੀ ਨੂੰ ਕਾਫ਼ੀ ਟਾਰਚਰ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਜਿੰਨੀ ਜਾਣਕਾਰੀ ਸੀ ਉਹ ਉਨ੍ਹਾਂ ਨੇ ਦੱਸ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕੁੱਝ ਮਹੀਨੇ ਪਹਿਲਾਂ ਸੀਬੀਆਈ ਵੱਲੋਂ ਆਪਣੀ ਕਲੋਜ਼ਰ ਰਿਪੋਰਟ ਪੇਸ਼ ਕਰਕੇ ਆਪਣੇ ਆਪ ਨੂੰ ਹਟਾਉਣ ਲਈ ਅਦਾਲਤ ਵਿੱਚ ਪੱਖ ਰੱਖਿਆ ਸੀ। ਇਸ ਤੋਂ ਬਾਅਦ ਸੀਬੀਆਈ ਦੀ ਕਾਰਜ ਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ ਤੇ ਜਾਂਚ ਨੂੰ ਅਧੂਰਾ ਮੰਨਿਆ ਗਿਆ ਸੀ। ਸੀਬੀਆਈ ਵੱਲੋਂ ਇੱਕ ਤਰਫ਼ ਅਰਜੀ ਪੇਸ਼ ਕਰ ਮਾਮਲੇ ਦੀ ਦੁਬਾਰਾ ਤੋਂ ਜਾਂਚ ਜਾਰੀ ਰੱਖਣ ਦੀ ਅਦਾਲਤ ਵਿੱਚ ਗੱਲ ਕਹੀ ਸੀ ਜਿਸ ਦੇ ਚਲਦਿਆਂ ਮੰਗਲਵਾਰ ਨੂੰ ਸੀਬੀਆਈ ਮੁੜ ਜਾਂਚ ਸ਼ੁਰੂ ਕਰਦਿਆਂ ਹੋਇਆਂ ਬੁਰਜ਼ ਜਵਾਹਰ ਸਿੰਘ ਵਾਲਾ ਵਿੱਚ ਪਹੁੰਚੀ।