ਫਰੀਦਕੋਟ : ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਹੋਇਆ ਦੇਹਾਂਤ ਹੋ ਗਿਆ ਹੈ। ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਹਾਕਮ ਸਿੰਘ ਫੌਜੀ ਦੀ ਮੌਤ ਉਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਨਸਾਫ਼ ਲਈ ਲੱਗਾ ਪੱਕਾ ਮੋਰਚਾ : ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਲਗਾਤਾਰ ਮੋਰਚੇ ਲੱਗਦੇ ਰਹੇ ਹਨ ਪਰ ਹਰ ਵਾਰ ਸਮੇਂ ਦੀਆਂ ਸਰਕਾਰਾਂ ਵੱਲੋਂ ਵਾਅਦੇ ਤੇ ਦਾਅਵੇ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੇ ਕੇ ਮੋਰਚਾ ਚੁਕਵਾ ਲਿਆ ਜਾਂਦਾ ਰਿਹਾ ਹੈ, ਪਰ ਇਨਸਾਫ ਕਿਸੇ ਸਰਕਾਰ ਪਾਸੋਂ ਨਹੀਂ ਮਿਲਿਆ। ਗੋਲੀਕਾਂਡ ਤੋਂ ਬਾਅਦ 2 ਸਰਕਾਰਾਂ ਵੀ ਬਦਲੀਆਂ ਪਰ ਕਿਸੇ ਵੀ ਸਰਕਾਰ ਵੱਲੋਂ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਉਤੇ ਕਾਬਜ਼ ਹੋਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੇਅਦਬੀ ਤੇ ਗੋਲੀਕਾਂਡ ਜਿਹੇ ਮਾਮਲੇ 24 ਘੰਟਿਆਂ ਵਿਚ ਹੱਲ ਕੀਤੇ ਜਾਣਗੇ ਤੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ, ਪਰ ਇਸ ਸਰਕਾਰ ਨੂੰ ਵੀ ਸੱਤਾ ਵਿਚ ਆਇਆਂ ਨੂੰ ਸਾਲ ਹੋਣ ਜਾ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ। ਇਸੇ ਵਾਅਦਾ ਖਿਲਾਫੀ ਤੋਂ ਨਾਰਾਜ਼ ਪੀੜਤਾਂ ਵੱਲੋਂ ਫਰੀਦਕੋਟ ਵਿਚ ਪੱਕਾ ਮੋਰਚਾ ਲੱਗਾ ਹੋਇਆ ਹੈ ਤੇ ਇਨਸਾਫ ਮਿਲਣ ਤੋਂ ਬਾਅਦ ਹੀ ਮੋਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Bandi Singh Parole: ਜਾਣੋ ਕੌਣ ਹਨ ਗੁਰਦੀਪ ਸਿੰਘ ਖੇੜਾ, ਕਿਹੜੇ ਮੁਕੱਦਮਿਆਂ 'ਚ ਕੱਟ ਰਹੇ ਨੇ ਜੇਲ੍ਹ
ਕੀ ਹੈ ਪੂਰਾ ਮਾਮਲਾ : ਇਹ ਪੂਰਾ ਮਾਮਲਾ 1 ਜੂਨ 2015 ਤੋਂ ਸ਼ੁਰੂ ਹੋਇਆ ਸੀ ਜਦੋਂ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਨੂੰ ਚੋਰੀ ਚੋਰੀ ਉਧਾਲਿਆ ਗਿਆ ਸੀ ਜਿਸ ਤੋਂ ਬਾਅਦ 12 ਅਕਤੂਬਰ 2015 ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚੋਂ ਮਿਲੇ ਸੀ। ਇਸ ਤੋਂ ਬਾਅਦ ਇਹ ਗੱਲ ਪੰਜਾਬ ਵਿੱਚ ਅੱਗ ਵਾਂਗ ਫੈਲ ਗਈ ਅਤੇ ਕੋਟਕਪੂਰਾ ਦੇ ਚੌਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ। ਇਸ ਧਰਨੇ ਦੇ ਚਲਦੇ ਰਾਤ ਦੇ ਵੇਲੇ ਧਰਨੇ ਵਾਲੀ ਜਗ੍ਹਾ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਵਿੱਚ ਹੋਈ ਝੜਪ ਦੌਰਾਨ ਗੋਲ਼ੀ ਵੀ ਚੱਲੀ, ਜਿਸ ਵਿੱਚ 2 ਸਿੱਖ ਨੌਜਵਾਨਾਂ ਗੁਰਕੀਰਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ।