ਜਲਾਲਾਬਾਦ: ਅਕਸਰ ਹੀ ਸਵਾਲਾਂ ’ਚ ਰਹਿਣਾ ਵਾਲੀ ਖਾਕੀ ਇੱਕ ਵਾਰ ਫੇਰ ਦਾਗਦਾਰ ਹੋਈ ਹੈ। ਪੰਜਾਬ ਪੁਲਿਸ ਨੇ ਇੱਕ ਮੁਲਾਜ਼ਮ ’ਤੇ ਗਰੀਬ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਹਨ। ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਪਿੰਡ ਚੱਕ ਜਾਨੀਸਰ ਵਾਸੀ ਔਰਤ ਦੇ ਪਤੀ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਦੇ ਇੱਕ ਏਐੱਸਆਈ ਮਲਕੀਤ ਸਿੰਘ ਨੇ ਕਥਿਤ ਪਿੰਡ ਦੇ ਕੁਝ ਲੋਕਾਂ ਨਾਲ ਮਿਲ ਕੇ ਉਸ ਦੇ ਮਕਾਨ ’ਤੇ ਕਬਜਾ ਕਰਵਾਇਆ ਹੈ ਅਤੇ ਉਸ ਦਾ ਸਮਾਨ ਘਰੋਂ ਬਾਹਰ ਸੁੱਟਣ ਦੇ ਨਾਲ-ਨਾਲ ਉਹਨਾਂ ਦੀ ਕੁੱਟਮਾਰ ਕਰਨ ਅਤੇ ਜਾਤ ਪ੍ਰਤੀ ਅਪਸ਼ਬਦ ਬੋਲ ਕੇ ਜਲੀਲ ਕਰ ਮਰਨ ਲਈ ਮਜਬੂਰ ਕੀਤਾ ਹੈ।
ਇਹ ਵੀ ਪੜੋ: ਪੰਜਾਬ ਪੁਲਿਸ ਮੇਰਾ ਚਲਾਨ ਕਰਕੇ ਦਿਖਾਵੇ: ਬਲਦੇਵ ਸਿੰਘ ਸਿਰਸਾ
ਪੀੜਤ ਵਿਅਕਤੀ ਸੁਖਦੀਪ ਸਿੰਘ ਨੇ ਇਲਜ਼ਾਮ ਲਗਾਏ ਹਨ ਕਿ ਏਐੱਸਆਈ ਮਲਕੀਤ ਸਿੰਘ ਨੇ ਉਸ ਦੀ ਪਤਨੀ ਨੂੰ ਜਲੀਲ ਕਰ ਮਰਨ ਲਈ ਉਕਸਾਇਆ ਅਤੇ ਉਸ ਦੀ ਪਤਨੀ ਨੇ ਮੌਕੇ ਤੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਇਲਜ਼ਾਮ ਲਗਾਏ ਕਿ ਇਹ ਸਾਰਾ ਵਾਕਿਆ 22 ਫਰਵਰੀ ਦਾ ਹੈ ਪਰ ਅੱਜ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਪੂਰੇ ਮਾਮਲੇ ਬਾਰੇ ਜਦ ਡੀਐੱਸਪੀ ਜਲਾਲਾਬਾਦ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੁਖਦੀਪ ਸਿੰਘ ਨੂੰ ਉਸ ਦੇ ਤਾਏ ਨੇ ਆਪਣੇ ਘਰ ਵਿਚ ਰੱਖਿਆ ਸੀ ਪਰ ਕੁਝ ਦਿਨ ਪਹਿਲਾਂ ਸੁਖਦੀਪ ਸਿੰਗ ਨੇ ਆਪਣੇ ਤਾਏ ਨੂੰ ਘਰੋਂ ਕੱਢ ਦਿੱਤਾ। ਉਸ ਦੇ ਤਾਏ ਦੀਆਂ ਵਾਰ-ਵਾਰ ਦਰਖਾਸਤਾਂ ਆਉਣ ਕਾਰਨ ਪੁਲਿਸ ਮੁਲਾਜ਼ਮ ਸੁਖਦੀਪ ਦੇ ਘਰ ਗਏ ਹੋਣਗੇ ਪਰ ਉਸ ਨੇ ਆਪਣੀ ਪਤਨੀ ਸਮੇਤ ਮਰਨ ਦਾ ਡਰਾਮਾ ਕੀਤਾ ਹੈ। ਉਹਨਾਂ ਕਿਹਾ ਕਿ ਸੁਖਦੀਪ ਸਿੰਘ ਦੀ ਪਤਨੀ ਨੇ ਹਾਲੇ ਤੱਕ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਜਦੋਂ ਉਹ ਬਿਆਨ ਦਰਜ ਕਰਵਾ ਦੇਣਗੇ ਪੁਲਿਸ ਉਹਨਾਂ ਦੇ ਬਿਆਨਾਂ ਮੁਤਾਬਿਕ ਬਣਦੀ ਕਾਰਵਾਈ ਕਰੇਗੀ।