ਫ਼ਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸ਼ਹਿਰ ਦੇ ਪਾਸੇ ਵਾਲਾ ਗੇਟ ਪਿਛਲੇ ਕਾਫੀ ਸਮੇਂ ਤੋਂ ਹਸਪਤਾਲ ਪ੍ਰਸ਼ਾਸਨ ਨੇ ਤਾਲਾ ਲਗਾ ਕੇ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਲਈ ਕਰੀਬ 2.5 ਕਿਲੋ ਮੀਟਰ ਜ਼ਿਆਦਾ ਸਫ਼ਰ ਤੈਅ ਕਰਕੇ ਆਉਣਾ ਪੈਂਦਾ ਹੈ। ਇਸ ਵਜ੍ਹਾ ਕਾਰਨ ਬਾਹਰੋਂ ਆਉਣ ਵਾਲੇ ਮਰੀਜਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਸਮੱਸਿਆ ਦੇ ਚਲਦੇ ਗੇਟ ਖੁਲ੍ਹਵਾਉਣ ਲਈ ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਬੰਦ ਪਏ ਗੇਟ ਦੇ ਬਾਹਰ ਧਰਨਾਂ ਲਾਕੇ ਗੇਟ ਖੋਲ੍ਹੇ ਜਾਣ ਦੀ ਮੰਗ ਕੀਤੀ ਗਈ। ਉਨ੍ਹਾਂ ਇਹ ਧਰਨਾ ਉਦੋਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਜਦ ਤੱਕ ਗੇਟ ਨਹੀਂ ਖੋਲ੍ਹਿਆ ਜਾਂਦਾ।
ਗੁਰਦਿੱਤ ਸਿੰਘ ਸੇਖੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦ ਸਰਕਾਰ ਤੋਂ ਕੋਈ ਸੁਵਿਧਾ ਮੰਗੀ ਜਾਵੇ ਤਾਂ ਅਧਿਕਾਰੀ ਫੰਡਾਂ ਦੀ ਘਾਟ ਦੱਸ ਕੇ ਟਾਲ ਦਿੰਦੇ ਹਨ ਪਰ ਫ਼ਰੀਦਕੋਟ ਸ਼ਹਿਰ ਦੇ ਲੋਕਾਂ ਨੂੰ ਅਜਿਹੀ ਸੁਵਿਧਾ ਤੋਂ ਵਾਂਝੇ ਰੱਖਿਆ ਜਾ ਰਿਹਾ ਜਿਸ 'ਤੇ ਕੋਈ ਖਰਚ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਮਾਲਵੇ ਦਾ ਸੱਭ ਤੋਂ ਵੱਡਾ ਸਰਕਾਰੀ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਲੋਕਾਂ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਹਸਪਤਾਲ ਦਾ ਸ਼ਹਿਰ ਵੱਲ ਖੁਲ੍ਹਦਾ ਗੇਟ ਬੰਦ ਕਰ ਰੱਖੇ ਜਾਣ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਗੇਟ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕਾਂ ਨੂੰ ਹਸਪਤਾਲ ਵਿੱਚ ਆਵਾਜਾਈ ਲਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਜਦ ਤੱਕ ਗੇਟ ਨਹੀਂ ਖੁਲ੍ਹਦਾ ਉਹ ਧਰਨਾ ਜਾਰੀ ਰੱਖਣਗੇ। ਇਸ ਗੇਟ ਨੂੰ ਖੋਲ੍ਹਣ ਨੂੰ ਲੈ ਕੇ ਉਨ੍ਹਾਂ 6 ਜੁਲਾਈ ਨੂੰ ਧਰਨਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ ਨੂੰ ਮਿਲ ਚੁੱਕੇ ਹਨ ਪਰ ਕਿਸੇ ਦਾ ਵੀ ਲੋਕਾਂ ਨੂੰ ਪੈਸ਼ ਰਹੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ।