ਫਰੀਦਕੋਟ: ਪੰਜਾਬ ਦੀ ਕੋਈ ਵੀ ਅਜਿਹੀ ਜ਼ੇਲ੍ਹ ਨਹੀਂ ਹੋਵੇਗੀ ਜੋ ਸਵਾਲਾਂ ਦੇ ਘੇਰੇ ਵਿੱਚ ਨਾ ਆਈ ਹੋਵੇ। ਹੁਣ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਜੇਲ੍ਹ ਸਵਾਲਾਂ 'ਚ ਘਿਰ ਗਈ ਹੈ, ਕਿਉਂਕਿ ਜੇਲ੍ਹ ਵਿਚੋਂ ਮੋਬਾਇਲ ਫੋਨ ਮਿਲਣ ਕਾਰਨ ਬਵਾਲ ਮਚ ਗਿਆ ਹੈ। ਬੇਸ਼ੱਕ ਕੁਝ ਸਮਾਂ ਪਹਿਲਾਂ ਪੰਜਾਬ ਦੇ ਜੇਲ੍ਹ ਮੰਤਰੀ ਰਹੇ ਹਰਜੋਤ ਸਿੰਘ ਬੈਂਸ ਵੱਲੋਂ ਇਸ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਅਤੇ ਜੇਲ੍ਹ ਦੇ ਸੁਪਰਡੈਂਟ ਨੂੰ ਸਸਪੈਂਡ ਵੀ ਕੀਤਾ ਗਿਆ ਸੀ, ਪਰ ਫਿਰ ਵੀ ਹਾਲੇ ਤੱਕ ਇਹ ਜੇਲ੍ਹ ਮੋਬਾਇਲ ਮੁਕਤ ਨਹੀਂ ਹੋ ਸਕੀ।
ਜੇਲ੍ਹ 'ਚ ਮੁੜ ਮਿਲੇ ਫੋਨ ਅਤੇ ਸਿਮ: ਹਾਲ ਹੀ ਵਿੱਚ ਥਾਣਾ ਸਿਟੀ ਫਰੀਦਕੋਟ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉੱਤੇ ਚਾਰ ਹਵਾਲਾਤੀਆਂ ਅਤੇ ਕੁਝ ਅਣਪਛਾਤਿਆਂ ਉੱਤੇ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ੍ਹ ਗਾਰਦ ਵੱਲੋਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਬੈਰਕਾਂ ਦੀ ਕੀਤੀ ਗਈ ਤਲਾਸੀ ਦੌਰਾਨ ਕਰੀਬ 15 ਮੋਬਾਇਲ ਫੋਨ ਬਰਾਮਦ ਹੋਏ ਹਨ। ਇੰਨ੍ਹਾਂ ਵਿਚੋਂ 7 ਟੱਚ ਸਕਰੀਨ ਮੋਬਾਇਲ ਫੋਨ ਹਨ ਅਤੇ 8 ਕੀਪੈਡ ਵਾਲੇ ਮੋਬਾਇਲ ਫੋਨ ਹਨ। ਇਸ ਦੇ ਨਾਲ ਹੀ 9 ਸਿਮ ਕਾਰਡ ਵੀ ਬਰਾਮਦ ਹੋਣ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ।
ਹਵਾਲਾਤੀਆਂ ਦਾ ਲਿਆ ਜਾਵੇਗਾ ਰਿਮਾਂਡ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਫੋਨ ਮਿਲਣ ਤੋਂ ਜਿਹੜੇ ਹਵਾਲਾਤੀਆਂ ਉੱਪਰ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਨੂੰ ਰਿਮਾਂਡ ਉੱਤੇ ਲਿਆਂਦਾ ਜਾਵੇਗਾ। ਰਿਮਾਂਡ ਦੌਰਾਨ ਇੰਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਆਖਰਕਾਰ ਇਹ ਫੋਨ ਇੰਨ੍ਹਾਂ ਕੋਲ ਕਿੱਥੋਂ ਆਏ?, ਕਿਸ ਤੋਂ ਮੰਗਵਾਏ?, ਕੀ ਇਸ ਵਿੱਚ ਕਿਸੇ ਪੁਲਿਸ ਮੁਲਾਜ਼ਮ ਦਾ ਹੱਥ ਹੈ? ਤਮਾਮ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੀ ਉਮੀਦ ਪੁਲਿਸ ਨੂੰ ਇੰਨ੍ਹਾਂ ਹਵਾਲਾਤੀਆਂ ਤੋਂ ਹੈ। ਇਸ ਮੌਕੇ ਜਾਂਚ ਅਧਿਕਾਰੀ ਨੇ ਆਖਿਆ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ।
ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ: ਕਾਬਲੇਜ਼ਿਕਰ ਹੈ ਕਿ ਜਦੋਂ ਤੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸ ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ ਚੱਲਿਆ ਆ ਰਿਹਾ ਹੈ।ਉਹ ਭਾਵੇਂ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਾਤੀਆਂ ਵਿਚ ਝੜਪ ਦਾ ਮਾਮਲਾ ਹੋਵੇ, ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਹੋਵੇ, ਜਾਂ ਜੇਲ੍ਹ ਅੰਦਰੋਂ ਲਾਈਵ ਹੋ ਕੇ ਕਿਸੇ ਨੇਤਾ ਨੂੰ ਧਮਕੀ ਦੇਣ ਦੀ ਗੱਲ ਹੋਵੇ, ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਜੇਲ੍ਹ ਅੰਦਰ ਅੱਗ ਲਗਾਉਣ ਦੀ ਗੱਲ ਹੋਵੇ ਜਾਂ ਜੇਲ੍ਹ ਅੰਦਰ ਲਗਾਤਾਰ ਕੈਦੀਆਂ ਦੀ ਮੌਤ ਦਾ ਮਾਮਲਾ ਹੋਵੇ, ਜਾਂ ਜੇਲ੍ਹ ਦੇ ਸੁਰੱਖਿਆ ਕਰਮੀਆਂ ਤੋਂ ਜੇਲ੍ਹ ਅੰਦਰ ਪਾਬੰਦੀ ਸੁਦਾ ਪਦਾਰਥ ਦੀ ਬਰਾਮਦਗੀ ਹੋਵੇ। ਆਏ ਦਿਨ ਇਹ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਹੈ।