ਚੰਡੀਗੜ੍ਹ : ਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ ਅਤੇ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪੇ ਨਾਲ ਗ੍ਰਸਤ ਲੋਕਾਂ ਨੂੰ ਕਈ ਵਾਰ ਸਮਾਜਿਕ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪੰਜਾਬ 'ਚ ਇਕ ਤਿਹਾਈ ਔਰਤਾਂ ਤੇ ਮਰਦ ਮੋਟਾਪੇ ਦੇ ਸ਼ਿਕਾਰ ਹਨ, ਜਿਨ੍ਹਾਂ ਦੀ ਗਿਣਤੀ ਪੂਰੇ ਦੇਸ਼ ਨਾਲੋਂ ਕਿਤੇ ਜ਼ਿਆਦਾ ਹੈ। ਵਿਸ਼ਵ ਸਿਹਤ ਦਿਹਾੜੇ ਮੌਕੇ ਜਿਥੇ ਸਿਹਤ ਖੇਤਰ 'ਚ ਵੱਡੇ ਬਦਲਾਅ ਅਤੇ ਕ੍ਰਾਂਤੀ ਦੀ ਚਰਚਾ ਕੀਤੀ ਜਾਂਦੀ ਹੈ, ਉਥੇ ਹੀ ਅੱਜ ਮੋਟਾਪੇ ਦੀ ਸਮੱਸਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮਰਦਾਂ ਨਾਲੋਂ ਔਰਤਾਂ ਜ਼ਿਆਦਾਤਰ ਮੋਟਾਪੇ ਦੀਆਂ ਸ਼ਿਕਾਰ : ਮਾਹਿਰਾਂ ਦੇ ਨਜ਼ਰੀਏ ਤੋਂ ਵੇਖੀਏ ਤਾਂ ਮੋਟਾਪੇ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਮੋਟਾਪਾ ਆਮ ਤੌਰ 'ਤੇ ਸਰੀਰਕ ਗਤੀਵਿਧੀਆਂ ਦੀ ਕਮੀ, ਅਕਿਰਿਆਸ਼ੀਲ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ, ਹਾਰਮੋਨਲ ਬਦਲਾਅ ਆਦਿ ਕਾਰਨ ਹੋ ਸਕਦਾ ਹੈ। ਮੋਟਾਪਾ ਔਰਤਾਂ ਵਿੱਚ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਪੰਜਾਬ ਦੇ ਵਿਚ 40 ਫ਼ੀਸਦੀ ਔਰਤਾਂ ਅਤੇ 32 ਫੀਸਦ ਮਰਦ ਇਸ ਬਿਮਾਰੀ ਦੇ ਸ਼ਿਕਾਰ ਹਨ। ਪੰਜਾਬ ਦੇ ਵਿਚ ਮੋਟਾਪਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਜ਼ਿਆਦਾ ਹੈ। ਪੰਜਾਬੀ ਆਪਣੇ ਖੁੱਲ੍ਹੇ ਸੁਭਾਅ, ਖੁੱਲ੍ਹੇ ਦਿਲ ਅਤੇ ਖੁੱਲ੍ਹੇ ਖਾਣ ਪੀਣ ਕਰਕੇ ਜਾਣੇ ਜਾਂਦੇ ਹਨ, ਜਿਸਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵਿਖਾਈ ਦੇ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਖਾਣ-ਪੀਣ ਵਿੱਚ ਲਾਪਰਵਾਹੀ ਪੰਜਾਬੀਆਂ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਰਹੀ ਹੈ।
ਗਲਤ ਖਾਣ ਪੀਣ 'ਤੇ ਖਰਚਿਆ ਜਾ ਰਿਹਾ ਪੈਸਾ : ਪੰਜਾਬੀਆਂ ਦੇ ਖੁੱਲ੍ਹਾ ਖਰਚ ਕਰਨ ਦੀ ਆਦਤ ਉਨ੍ਹਾਂ ਨੂੰ ਗਲਤ ਚੀਜ਼ਾਂ 'ਤੇ ਖਰਚ ਕਰਨ ਦੇ ਰਾਹ ਵੱਲ ਲੈ ਕੇ ਜਾ ਰਹੀ ਹੈ। ਪੱਛਮੀ ਸੱਭਿਅਤਾ ਤੋਂ ਆਇਆ ਖਾਣ ਪੀਣ ਦਾ ਅੰਦਾਜ਼ ਹੁਣ ਬੱਚਿਆਂ ਨੂੰ ਫਾਸਟ ਫੂਡ ਅਤੇ ਡੱਬਾ ਬੰਦ ਖਾਣਿਆਂ ਵੱਲ ਲੈ ਕੇ ਜਾ ਰਿਹਾ ਹੈ, ਜੋ ਕਿ ਸਿਹਤ ਲਈ ਸਭ ਤੋਂ ਵੱਡੀ ਅਣਗਹਿਲੀ ਹੈ। ਪੁਰਾਣੀਆਂ ਖੁਰਾਕਾਂ ਛੱਡ ਕੇ ਆਧੁਨਿਕ ਖਾਣ ਪੀਣ ਨੇ ਮੋਟਾਪੇ ਦੇ ਨਾਲ-ਨਾਲ ਹੋਰ ਕਈ ਬਿਮਾਰੀਆਂ ਨੂੰ ਸੱਦਾ ਦਿੱਤਾ ਹੈ। ਰਹਿਣ-ਸਹਿਣ ਅਤੇ ਜੀਵਨ ਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ। ਖੇਤੀ ਧੰਦੇ ਅਤੇ ਮਿਹਨਤ ਵਾਲੇ ਕੰਮਾਂ ਚੋਂ ਨਿਕਲ ਕੇ ਮਸ਼ੀਨੀ ਯੁੱਗ ਵਿਚ ਪ੍ਰਵੇਸ਼ ਕਰਨ ਦਾ ਪ੍ਰਭਾਵ ਪੰਜਾਬੀਆਂ ਉੱਤੇ ਵੀ ਪਿਆ, ਜਿਸ ਕਰਕੇ ਸਰੀਰ ਦੀ ਵਰਜ਼ਿਸ਼ ਘਟੀ ਅਤੇ ਸਰੀਰ ਉੱਤੇ ਚਰਬੀ ਦੀ ਪਰਤ ਵਧੀ।
ਇਹ ਵੀ ਪੜ੍ਹੋ : Surface Siding: ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ
ਕਈ ਬਿਮਾਰੀਆਂ ਨੂੰ ਜਨਮ ਦਿੰਦਾ ਮੋਟਾਪਾ : ਮੋਟਾਪਾ ਇਕੱਲਾ ਨਹੀਂ ਆਉਂਦਾ ਬਲਕਿ ਬਿਮਾਰੀਆਂ ਦੀ ਪੰਡ ਨਾਲ ਲੈ ਕੇ ਆਉਂਦਾ ਹੈ। ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਲਕਵਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਮੋਟਾਪੇ ਦੀ ਦੇਣ ਹੁੰਦੀਆਂ ਹਨ। ਔਰਤਾਂ ਵਿਚ ਪੀਕੋਡ, ਥਾਈਰਾਈਡ ਦੀ ਸਮੱਸਿਆ ਮੋਟਾਪੇ ਕਾਰਨ ਹੁੰਦੀ ਹੈ ਜਿਸ ਨਾਲ ਬਾਂਝਪਣ ਹੋ ਜਾਂਦਾ ਹੈ ਅਤੇ ਗਰਭ ਨਹੀਂ ਠਹਿਰਦਾ। ਏਨਾ ਹੀ ਨਹੀਂ ਗੋਡਿਆਂ ਦਾ ਦਰਦ, ਪਿੱਠ ਦਾ ਦਰਦ ਅਤੇ ਡਿਸਕ ਦੀ ਸਮੱਸਿਆ ਵੀ ਮੋਟਾਪੇ ਕਾਰਨ ਹੁੰਦੀ ਹੈ। ਜਿਸ ਬੰਦੇ ਨੂੰ ਮੋਟਾਪਾ ਹੁੰਦਾ ਹੈ ਉਸਦੀ ਉਮਰ ਆਮ ਇਨਸਾਨ ਨਾਲੋਂ 10 ਤੋਂ 15 ਸਾਲ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ : Delhi Fateh Diwas : DSGMC ਵੱਲੋਂ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ, ਦਿੱਲੀ ਜਾ ਕੇ ਹੋਵੇਗਾ ਸੰਪਨ
ਜੀਵਨਸ਼ੈਲੀ ਵਿਚ ਬਦਲਾਅ ਮੋਟਾਪੇ ਤੋਂ ਬਚਾਉਂਦਾ ਹੈ : ਮੋਟਾਪੇ ਨਾਲ ਸਬੰਧਿਤ ਬਿਮਾਰੀਆਂ ਦੇ ਮਾਹਿਰ ਡਾ. ਅਨੂੰ ਭਾਰਦਵਾਜ਼ ਨੇ ਮੋਟਾਪੇ ਨੂੰ ਖਤਰੇ ਦੀ ਘੰਟੀ ਦੱਸਿਆ ਹੈ ਅਤੇ ਉਹਨਾਂ ਦੀ ਲੋਕਾਂ ਨੂੰ ਸਲਾਹ ਹੈ ਕਿ ਜਲਦੀ ਤੋਂ ਜਲਦੀ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆਉਣ ਤਾਂ ਜੋ ਮੋਟਾਪੇ ਤੋਂ ਬਚਿਆ ਜਾ ਸਕੇ। ਜੀਵਨਸ਼ੈਲੀ ਵਿਚ ਬਦਲਾਅ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਹੀ ਮੋਟਾਪੇ ਤੋਂ ਛੁਟਕਾਰਾ ਮਿਲ ਸਕਦਾ ਹੈ। ਜਿਸ ਲਈ ਸਮੇਂ ਤੇ ਖਾਣਾ ਖਾਧਾ ਜਾਵੇ, ਕਸਰਤ ਕੀਤੀ ਜਾਵੇ, ਸਹੀ ਅਤੇ ਸਿਹਤਮੰਦ ਖਾਣਾ ਖਾਧਾ ਜਾਵੇ, ਹਰੀਆਂ ਸਬਜ਼ੀਆਂ, ਫ਼ਲ, ਜੂਸ ਸਭ ਕੁਝ ਤਾਜ਼ਾ ਖਾਧਾ ਜਾਵੇ। ਜੰਕ ਫੂਡ ਦਾ ਪੂਰੀ ਤਰ੍ਹਾਂ ਤਿਆਗ ਕੀਤਾ ਜਾਵੇ। ਡੱਬਾ ਬੰਦ ਭੋਜਨ ਨੂੰ ਪੂਰੀ ਤਰ੍ਹਾਂ ਨਾਂਹ ਕਹਿ ਕੇ ਹੀ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਸਾਈਕਲੰਿਗ, ਸੈਰ ਅਤੇ ਸਰੀਰਕ ਗਤੀਵਿਧੀਆਂ ਜ਼ਿਆਦਾ ਤੋਂ ਜ਼ਿਆਦਾ ਸਰੀਰ ਦਾ ਅਨਿੱਖੜਵਾਂ ਅੰਗ ਬਣਾਈਆਂ ਜਾਣ।
ਇਹ ਇਲਾਜ ਵੀ ਸੰਭਵ : ਡਾ. ਅਨੂੰ ਭਾਰਦਵਾਜ ਦਾ ਕਹਿਣਾ ਹੈ ਕਿ ਪ੍ਰਹੇਜ ਦੇ ਨਾਲ ਨਾਲ ਮੋਟਾਪੇ ਦਾ ਇਲਾਜ ਸਰਜਰੀ ਅਤੇ ਦਵਾਈਆਂ ਵੀ ਹਨ। ਦਵਾਈਆਂ ਨਾਲ ਤਾਂ ਮੋਟਾਪਾ ਕਾਫ਼ੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ ਪਰ ਸਰਜਰੀ ਦੀ ਸਲਾਹ ਸਾਰਿਆਂ ਨੂੰ ਨਹੀਂ ਦਿੱਤੀ ਜਾਂਦੀ। ਇਹ ਸਿਰਫ਼ ਉਹਨਾਂ ਲੋਕਾਂ ਲਈ ਹੋ ਬਹੁਤ ਹੀ ਜ਼ਿਆਦਾ ਮੋਟੇ ਹਨ।