ਨਵੀਂ ਦਿੱਲੀ: ਸਾਰੇ ਭਾਰਤ ਦੀਆ ਨਜ਼ਰਾਂ ਲੋਕ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਅੱਜ 7 ਸੂਬਿਆਂ 'ਚ ਮਤਦਾਨ ਹੋਵੇਗਾ। ਚੋਣਾਂ ਦੇ 6ਵੇਂ ਗੇੜ 'ਚ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਬਿਹਾਰ ਦੀਆਂ 8-8-8, ਦਿੱਲੀ ਦੀਆਂ 7, ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈਣਗੀਆਂ।
ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਦੀਆਂ 14 ਸੀਟਾਂ 'ਤੇ ਵੀ ਵੋਟਿੰਗ ਹੋਵੇਗੀ। ਇਸ ਵਿੱਚ ਸੁਲਤਾਨਪੁਰ, ਪ੍ਰਤਾਪਗੜ੍ਹ, ਫੂਲਪੁਰ, ਇਲਾਹਾਬਾਦ, ਅੰਬੇਡਕਰ ਨਗਰ, ਸ਼ਰ੍ਹਾਵਸਤੀ, ਡੁੰਮਰਿਆਗੰਜ, ਬਸਤੀ, ਸੰਤ ਕਬੀਰ ਨਗਰ, ਲਾਲ ਗੰਜ, ਜੌਨਪੁਰ, ਮਛਲੀਸ਼ਹਿਰ ਅਤੇ ਭਦੌਹੀ ਸ਼ਹਿਰ ਸ਼ਾਮਲ ਹਨ। ਇਨ੍ਹਾਂ 'ਚੋਂ ਆਜ਼ਮਗੜ੍ਹ, ਫੂਲਪੁਰ 'ਤੇ ਦੇਸ਼ ਦੀ ਨਜ਼ਰ ਹੈ।
ਉੱਤਰ ਪ੍ਰਦੇਸ਼ 'ਚ ਕੁੱਲ 2.53 ਕਰੋੜ ਵੋਟਰ 14 ਔਰਤਾਂ ਸਮੇਤ 177 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। 6ਵੇਂ ਗੇੜ 'ਚ ਹੋ ਰਹੇ ਮਤਦਾਨ ਹੇਠ ਕੁੱਲ 16998 ਵੋਟਿੰਗ ਕੇਂਦਰ ਤੇ 29076 ਪੋਲਿੰਗ ਬੂਥ ਬਣਾਏ ਗਏ ਹਨ।
ਭਾਜਪਾ ਦੇ 14, ਕਾਂਗਰਸ ਦੇ 11, ਸਪਾ-ਬਸਪਾ-ਰਾਲੋਦ ਗਠਜੋੜ ਦੇ ਤਹਿਤ ਬਸਪਾ- 11, ਸਪਾ ਦੇ 3 ਉਮੀਦਵਾਰ ਮੈਦਾਨ ਵਿੱਚ ਹਨ। ਭਾਕਪਾ(ਭਾਰਤੀ ਕਮਊਨਿਸਟ ਪਾਰਟੀ) ਦੇ 3 ਉਮੀਦਵਾਰ ਚੋਣ ਮੈਦਾਨ 'ਚ ਹਨ। ਸਪਾ ਪ੍ਰਧਾਨ ਅਖੀਲੇਸ਼ ਯਾਦਵ ਇਸ ਵਾਰ ਆਜ਼ਮਗੜ੍ਹ ਤੋਂ ਮੈਦਾਨ ਵਿੱਚ ਹਨ। ਇਸ ਸੀਟ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮੁਲਾਇਮ ਯਾਦਵ ਨੇ 2014 ਵਿੱਚ ਜਿੱਤ ਦਰਜ ਕੀਤੀ ਸੀ। ਸੁਲਤਾਨਪੁਰ ਤੋਂ ਇਸ ਵਾਰ ਕੇਂਦਰੀ ਮੰਤਰੀ ਮੇਨਕਾ ਗਾਂਧੀ ਚੋਣ ਮੈਦਾਨ 'ਚ ਹਨ। ਪਿਛਲੀ ਵਾਰ ਇਸ ਸੀਟ ਤੋਂ ਮੇਨਕਾ ਗਾਂਧੀ ਦੇ ਪੁੱਤਰ ਵਰੁਨ ਗਾਂਧੀ ਨੇ ਜਿੱਤ ਦਰਜ ਕੀਤੀ ਸੀ।
ਇਲਾਹਾਬਾਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸ਼ਿਆਮਾਚਰਨ ਗੁਪਤਾ ਦੇ ਸਪਾ ਵਿੱਚ ਸ਼ਾਮਲ ਹੋਣ ਕਾਰਨ ਭਾਜਪਾ ਨੇ ਇੱਥੋਂ ਯੋਗੀ ਸਰਕਾਰ ਦੇ ਕੈਬਿਨੇਟ ਮੰਤਰੀ ਰੀਤਾ ਬਹੂਗੁਣਾ ਜੋਸ਼ੀ ਨੂੰ ਉਮੀਦਵਾਰ ਐਲਾਨਿਆ ਹੈ। ਬਿਹਾਰ ਦੀਆਂ 8 ਲੋਕ ਸਭਾ ਸੀਟਾਂ 'ਤੇ ਐਤਵਾਰ ਨੂੰ ਮਤਦਾਨ ਕੀਤਾ ਜਾਣਾ ਹੈ। ਇਨ੍ਹਾਂ ਦੇ ਵਿੱਚ ਗੋਪਾਲ ਗੰਜ, ਸੀਵਾਨ, ਪੂਰਬੀ ਚੰਮਪਾਰਨ, ਪੱਛਮੀ ਚੰਮਪਾਰਨ, ਸ਼ਿਵ ਹਾਰ, ਮਹਾਰਾਜ ਗੰਜ, ਵੈਸ਼ਾਲੀ ਸ਼ਾਮਲ ਹੈ।
ਦਿੱਲੀ ਦੀਆਂ 7 ਸੀਟਾਂ 'ਤੇ ਆਪ, ਕਾਂਗਰਸ 'ਤੇ ਭਾਜਪਾ ਵਿਚਾਲੇ ਮਹਾਂ ਮੁਕਾਬਲਾ ਹੈ। ਚੋਣਾਂ ਦੇ ਮੱਦੇਨਜ਼ਰ ਦਿੱਲੀਵਿੱਚ ਮੈਟਰੋ ਸੇਵਾ ਸਵੇਰੇ 4 ਵਜੇ ਸ਼ੁਰੂ ਹੋ ਜਾਵੇਗੀ। 543 ਲੋਕ ਸਭਾ ਸੀਟਾਂ 'ਚੋਂ 474 ਸੀਟਾਂ 'ਤੇ ਐਤਵਾਰ ਨੂੰ ਵੋਟਿੰਗ ਖ਼ਤਮ ਹੋ ਜਾਵੇਗੀ। ਬਾਕੀ ਸੀਟਾਂ 'ਤੇ ਆਖ਼ਰੀ ਗੇੜ ਵਿੱਚ 19 ਮਈ ਨੂੰ 59 ਸੀਟਾਂ 'ਤੇ ਮਤਦਾਨ ਹੋਵੇਗਾ। ਜਿਸ ਦੇ ਨਤੀਜੇ 23 ਮਈ ਨੂੰ ਆਉਣਗੇ।