ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਉਡਾਣਾਂ, ਰੇਲਾਂ ਅਤੇ ਬੱਸਾਂ ਰਾਹੀਂ ਸੂਬੇ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਲਾਜ਼ਮੀ ਤੌਰ ਉੱਤੇ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰਹਿਣਾ ਪਵੇਗਾ।
ਫੇਸਬੁੱਕ ਉੱਤੇ ‘ਕੈਪਟਨ ਨੂੰ ਸਵਾਲ’ ਨਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਸੂਬੇ ਅਤੇ ਜ਼ਿਲਿਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ਉੱਤੇ ਕੀਤੀ ਜਾਵੇਗੀ ਅਤੇ ਜਿਨਾਂ ਵਿੱਚ ਲੱਛਣ ਪਾਏ ਜਾਣਗੇ, ਉਨਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀਆਂ ਨੂੰ ਦੋ ਹਫਤਿਆਂ ਲਈ ਘਰ ਵਿੱਚ ਏਕਾਂਤਵਾਸ ’ਚ ਰਹਿਣਾ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੈਪਿਡ ਟੈਸਟਿੰਗ ਟੀਮਾਂ ਘਰਾਂ ਵਿੱਚ ਏਕਾਂਤਵਾਸ ਵਿੱਚ ਰੱਖੇ ਵਿਅਕਤੀਆਂ ਦੀ ਜਾਂਚ ਕਰਨੀਆਂ ਜਦਕਿ ਲੱਛਣ ਵਾਲੇ ਵਿਅਕਤੀਆਂ ਦੀ ਵਿਸਥਾਰਤ ਜਾਂਚ ਹਸਪਤਾਲਾਂ/ਅਲਹਿਦਗੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਵਿਸ਼ਵ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਵੱਲੋਂ ਟੈਸਟ ਸਬੰਧੀ ਜਾਰੀ ਕੀਤੇ ਸਰਟੀਫਿਕੇਟ ’ਤੇ ਭਰੋਸਾ ਨਹੀਂ ਕਰੇਗੀ।
ਉਨ੍ਹਾਂ ਨੇ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਨਾਲ-ਨਾਲ ਹਾਲ ਹੀ ਵਿੱਚ ਦੁਬਾਈ ਤੋਂ ਆਉਣ ਵਾਲਿਆਂ ਬਾਰੇ ਪੰਜਾਬ ਦਾ ਪਿਛਲਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਨਾਂ ਥਾਵਾਂ ਤੋਂ ਸੂਬੇ ਵਿੱਚ ਪਰਤਣ ਵਾਲੇ ਪੰਜਾਬੀਆਂ ਕੋਲ ਨੈਗੇਟਿਵ ਟੈਸਟ ਦਰਸਾਉਂਦੇ ਮੈਡੀਕਲ ਸਰਟੀਫਿਕੇਟ ਹੋਣ ਦੇ ਬਾਵਜੂਦ ਇੱਥੇ ਪਾਜ਼ੇਟਿਵ ਟੈਸਟ ਸਾਹਮਣੇ ਆਏ। ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਸੇਧਾਂ ਮੁਤਾਬਕ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਭਾਰਤ ਪਰਤਣ ਵਾਲਿਆਂ ਨੂੰ ਸੰਸਥਾਗਤ ਏਕਾਂਤਵਾਸ ਵਿੱਚੋਂ ਲੰਘਣਾ ਪਵੇਗਾ।
ਮੁੱਖ ਮੰਤਰੀ ਨੇ ਪੂਰੀ ਤਰਾਂ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਘਰ ਪਰਤ ਰਹੇ ਹਨ ਅਤੇ ਵੱਧ ਤੋਂ ਵੱਧ ਨਿਵੇਸ਼ਕਾਰ ਸੂਬੇ ਵਿੱਚ ਆਪਣਾ ਕਾਰੋਬਾਰ ਮੁੜ ਸ਼ੁਰੂ ਕਰਨ ਵਿੱਚ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਪੰਜਾਬ ਵਿੱਚ ਮਹਾਂਮਾਰੀ ਨੂੰ ਹੋਰ ਨਹੀਂ ਫੈਲਣ ਦੇਵਾਂਗੇ ਅਤੇ ਸੂਬਾ ਹੁਣ ਤੱਕ ਬਿਹਤਰ ਢੰਗ ਨਾਲ ਨਿਯੰਤਰਣ ਕਰਕੇ ਸਥਿਤੀ ਨੂੰ ਕਾਬੂ ਕਰਨ ਵਿੱਚ ਸਫਲ ਰਿਹਾ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਹਰੀ ਮੁਲਕਾਂ ਅਤੇ ਸੂਬਿਆਂ ਤੋਂ ਵਾਪਸ ਆ ਰਹੇ ਪੰਜਾਬੀਆਂ ਦੇ ਇੱਥੇ ਪਰਤਣ ਨਾਲ ਰੋਗ ਦੇ ਫੈਲਾਅ ਦੀ ਸੰਭਾਵਨਾ ਹੈ ਪਰ ਇਸ ਦੀ ਰੋਕਥਾਮ ਲਈ ਸੂਬਾ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਜਿਸ ਤਹਿਤ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਦੀ ਟੈਸਟਿੰਗ ਅਤੇ ਏਕਾਂਤਵਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।"
ਪੰਜ ਉਡਾਣਾ ਅੱਜ ਪਹੁੰਚੀਆਂ ਹਨ ਅਤੇ ਵਿਦੇਸ਼ਾਂ ਤੋਂ 88 ਉਡਾਣਾਂ ਉੱਤੇ 20,000 ਲੋਕਾਂ ਦੀ ਵਾਪਸੀ ਦੀ ਉਮੀਦ ਹੈ ਜਦਕਿ ਹੋਰਨਾਂ ਸੂਬਿਆਂ ਤੋਂ 60,000 ਪੰਜਾਬੀਆਂ ਦੇ ਵਾਪਸ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਆਖਿਆ,‘‘ਮੈਂ ਪੰਜਾਬ ਵਿੱਚ ਇਸ ਰੋਗ ਦਾ ਹੋਰ ਫੈਲਾਅ ਨਹੀਂ ਹੋਣ ਦੇਵਾਂਗਾ।’’
ਮੁੱਖ ਮੰਤਰੀ ਨੇ ਕਿਰਤੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਵਾਪਸ ਜਾਣ ਦੀ ਬਜਾਏ ਇੱਥੇ ਰੁਕ ਕੇ ਪੰਜਾਬ ਦੀ ਆਰਥਿਕ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਰਸਤਾ ਚੁਣਿਆ। ਉਨ੍ਹਾਂ ਕਿਹਾ, ਇਹ ਤੁਹਾਡਾ ਸੂਬਾ ਹੈ ਅਤੇ ਤੁਸੀਂ ਇਸ ਦਾ ਹਿੱਸਾ ਹੋ। ਜ਼ਰੂਰੀ ਹੈ ਕਿ ਉਦਯੋਗਾਂ ਦਾ ਕੰਮਕਾਜ ਚੱਲੇ ਤਾਂ ਕਿ ਰੋਜ਼ਗਾਰ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸਾਰਿਆਂ ਨੂੰ ਕੰਮ ਵਾਲੀਆਂ ਥਾਵਾਂ ’ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਕਿ ਹਰੇਕ ਕਦਮ ’ਤੇ ਵਾਇਰਸ ਨੂੰ ਹਰਾਇਆ ਜਾ ਸਕੇ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਜਿਸ ਢੰਗ ਨਾਲ ਅਸੀਂ ਸਥਿਤੀ ’ਤੇ ਕਾਬੂ ਪਾ ਚੁੱਕੇ ਹਾਂ, ਸਾਨੂੰ ਦੁਬਾਰਾ ਸਖਤੀ ਨਾਲ ਲੌਕਡਾਊਨ ਦੀ ਲੋੜ ਨਹੀਂ ਪਵੇਗੀ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪਿੱਤਰੀ ਸੂਬਿਆਂ ਵਿੱਚ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪਰਵਾਸੀ ਮਜ਼ਦੂਰਾਂ ਵਿੱਚੋਂ ਲਗਪਗ ਅੱਧੇ ਮਜ਼ਦੂਰਾਂ ਨੇ ਇੱਥੇ ਹੀ ਰੁਕਣ ਦਾ ਫੈਸਲਾ ਕੀਤਾ ਅਤੇ ਇਨਾਂ ਨੇ ਸਨਅਤਾਂ ਵਿੱਚ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ 2.56 ਲੱਖ ਉਦਯੋਗ ਵਿੱਚੋਂ 1.5 ਲੱਖ ਉਦਯੋਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨਾਂ ਦੀ ਸਰਕਾਰ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚ ਕਰ ਰਹੀ ਹੈ, ਜਿਹੜੇ ਮੁਲਕ ਚੀਨ ਤੋਂ ਬਾਹਰ ਆਪਣੇ ਮੈਨੂਫੈਕਚਰਿੰਗ/ਕਾਰੋਬਾਰ ਨੂੰ ਸਿਫਟ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਦੂਤਘਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਨਾਂ ਨੂੰ ਜ਼ਮੀਨ, ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇ ਰੂਪ ਵਿੱਚ ਸਹਿਯੋਗ ਲਈ ਹਰ ਸੰਭਵ ਪੇਸ਼ਕਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਸੂਬੇ ਦੇ ਅਰਥਚਾਰੇ ਨੂੰ ਮੁੜ ਪੈਰਾਂ ’ਤੇ ਖੜਾ ਕਰਨ ਦੇ ਸੰਦਰਭ ਵਿੱਚ ਉਨਾਂ ਦੀ ਸਰਕਾਰ ਨੇ ਇਸ ਸਬੰਧ ਵਿੱਚ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਨੂੰ ਪੱਤਰ ਲਿਖੇ ਹਨ ਅਤੇ ਸਰਕਾਰ ਭਾਰਤ ਵਿੱਚ ਜਪਾਨ, ਕੋਰੀਆ ਅਤੇ ਤਾਇਵਾਨ ਦੇ ਸਫ਼ਾਰਤਖਾਨਿਆਂ ਨਾਲ ਗੱਲਬਾਤ ਵਿੱਚ ਜੁਟੀ ਹੋਈ ਹੈ।
ਪੰਜਾਬ ਵਿਚੋਂ ਆਪਣੇ ਜੱਦੀ ਸੂਬਿਆਂ ਨੂੰ ਜਾਣ ਦੇ ਚਾਹਵਾਨ ਪਰਵਾਸੀਆਂ ਲਈ ਆਵਾਜਾਈ ਦੇ ਪ੍ਰਬੰਧਾਂ ਦੇ ਮੁੱਦੇ ‘ਤੇ ਉਨਾਂ ਕਿਹਾ ਕਿ ਸੂਬਾ ਸਰਕਾਰ ਪਰਵਾਸੀ ਕਿਰਤੀਆਂ ਦੇ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ ਤੋਂ ਇਲਾਵਾ 607 ਬੱਸਾਂ ਰਾਹੀਂ ਪਰਵਾਸੀਆਂ ਨੂੰ ਉਨਾਂ ਦੇ ਜੱਦੀ ਸੂਬਿਆਂ ਉੜੀਸਾ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 13 ਲੱਖ ਪਰਵਾਸੀ ਕਿਰਤੀਆਂ ਵਿੱਚੋਂ ਕਰੀਬ 3.25 ਲੱਖ ਨੂੰ ਹੁਣ ਤੱਕ ਰੇਲ ਗੱਡੀਆਂ ਰਾਹੀਂ ਭੇਜਿਆ ਗਿਆ ਹੈ ਜਦੋਂਕਿ 17 ਹਜ਼ਾਰ ਬੱਸਾਂ ਰਾਹੀ ਆਪਣੇ ਸੂਬਿਆਂ ਨੂੰ ਜਾ ਚੁੱਕੇ ਹਨ।
ਉਨ੍ਹਾਂ ਮੰਡੀਆਂ ਵਿੱਚੋਂ ਇਕ ਵੀ ਕੇਸ ਰਿਪੋਰਟ ਹੋਣ ਤੋਂ ਬਿਨਾਂ ਵੱਡੇ ਪੈਮਾਨੇ ‘ਤੇ ਕਣਕ ਦੀ ਹੋਈ ਖਰੀਦ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਪੁਲੀਸ ਅਤੇ ਐਨ.ਸੀ.ਸੀ ਕੈਡਿਟਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਫੀਸ ਵਸੂਲਣ ਸਬੰਧੀ ਕਈ ਸਕੂਲਾਂ ਵੱਲੋਂ ਨਿਰਦੇਸ਼ਾਂ ਦਾ ਪਾਲਣ ਨਾ ਕੀਤੇ ਜਾਣ ਬਾਰੇ ਮੁੱਖ ਮੰਤਰੀ ਵੱਲੋਂ ਇਹ ਮੁੱਦਾ ਉਠਾਉਣ ਵਾਲੇ ਅੰਮਿ੍ਰਤਸਰ ਵਾਸੀ ਨੂੰ ਸਕੂਲ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਅਖਿਆ ਗਿਆ ਅਤੇ ਇਸ ਸਬੰਧੀ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਮ ਖੋਲਣ ਸਬਧੀ ਫੈਸਲਾ 31 ਮਈ ਤੋਂ ਬਾਅਦ ਲਿਆ ਜਾਵੇਗਾ।ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਕੋਵਿਡ ਖਿਲਾਫ ਲੜਾਈ ਨੂੰ ‘ਮਿਸ਼ਨ ਫਤਹਿ’ ਦਾ ਨਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਸਾਡੀ ਭਾਵਨਾ ਅਤੇ ਦ੍ਰਿੜਤਾ ਦਾ ਝਲਕਾਰਾ ਪੈਂਦਾ ਹੈ। ਖਤਰਨਾਕ ਵਾਇਰਸ ਖਿਲਾਫ ਅਸੀਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਪਣਾ ਕੇ ਫਤਹਿ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਕੌਮੀ ਜੰਗ ਹੈ ਜਿਸ ਨੂੰ ਸਮੂਹਿਕ ਦ੍ਰਿੜਤਾ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਅਸੀਂ ਜਿੱਤਾਂਗੇ।