ਚੰਡੀਗੜ੍ਹ: ਦੇਰ ਸ਼ਾਮ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਸਪਾਸ ਦਾ ਸਾਰਾ ਇਲਾਕਾ ਧੂੰਏ ਨਾਲ ਭਰ ਗਿਆ। ਅੱਗ ਨੂੰ ਬੁਝਾਉਣ ਲਈ ਮੌਕੇ 'ਤੇ ਫ਼ਾਇਰ ਬ੍ਰਿਗੇਡ ਨੂੰ ਇਕੱਠੀਆਂ 20 ਗੱਡੀਆਂ ਭੇਜਣੀਆਂ ਪਈਆਂ। ਰਾਤ 12 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ ਗਿਆ।
ਜਾਣਕਾਰੀ ਅਨੁਸਾਰ ਡੰਪਿੰਗ ਗਰਾਊਂਡ ਵਿੱਚ ਅੱਗ ਲੱਗਣ ਦੀ ਘਟਨਾ ਕੋਈ ਨਵੀਂ ਨਹੀਂ ਹੈ ਪਰ ਇਸ ਵਾਰ ਅੱਗ ਭਿਆਨਕ ਸੀ, ਜਿਸ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੀ ਹੜਕੰਪ ਮੱਚ ਗਿਆ ਹੈ ਕਿਉਂਕਿ ਫ਼ਾਇਰ ਬਿਗ੍ਰੇਡ ਨੂੰ ਮੌਕੇ 'ਤੇ ਇਕੱਠੀਆਂ 20 ਗੱਡੀਆਂ ਭੇਜਣੀਆਂ ਪੈ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ।
ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰ ਬੁੱਧਵਾਰ ਸਵੇਰ ਤੱਕ ਵੀ ਡੰਪਿੰਗ ਵਿੱਚੋਂ ਧੂੰਆਂ ਨਿਕਲਦਾ ਰਿਹਾ। ਫ਼ਾਇਰ ਬ੍ਰਿਗੇਡ ਦੀਆਂ ਕੁੱਝ ਗੱਡੀਆਂ ਅਜੇ ਵੀ ਡੰਪਿੰਗ ਗਰਾਊਂਡ ਵਿੱਚ ਪੁੱਜ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੱਕ ਗੱਡੀ ਨੂੰ ਪੱਕੇ ਤੌਰ 'ਤੇ ਵੀ ਇੱਥੇ ਖੜਾ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਹੋਣ 'ਤੇ ਮੁੜ ਤੋਂ ਅੱਗ 'ਤੇ ਕਾਬੂ ਪਾਇਆ ਜਾ ਸਕੇ।