ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ ਕਿਸਾਨ ਹਿੱਤਾਂ ਉੱਤੇ ਕੋਈ ਸਮਝੌਤਾ ਨਹੀਂ ਕਰ ਸਕਦੀ ਅਤੇ ਪਾਰਟੀ ਨੇ ਇਨ੍ਹਾਂ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਕਮਰ ਕੱਸੇ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖ਼ਤ ਸਬੰਧੀ ਨਵੇਂ ਐਕਟ ਵਿਚ ਵੀ ਫਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਅਤੇ ਖਰੀਦ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਹਿਣ 'ਤੇ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀਬੜੀ ਮੰਤਰੀ ਰਾਹੀਂ ਕਿਸਾਨਾਂ ਨੂੰ ਜਨਤਕ ਤੌਰ 'ਤੇ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦਾਰੀ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਆਏਗੀ.. "ਫਿਰ ਵੀ ਜੇ ਭਵਿੱਖ ਵਿਚ ਵੀ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ। ਅਕਾਲੀ ਦਲ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ ਕਿਓਂਕਿ ਉਨ੍ਹਾ ਦੀ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ 2017 ਵਿੱਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਸੁਖਬੀਰ ਸਿੰਘ ਨੇ ਕਿਹਾ ਜੇ ਘੱਟੋ ਸਮਰਥਨ ਮੁੱਲ ਸਮੇਤ ਕਿਸਾਨ ਦੇ ਕਿਸੇ ਹਿੱਤ ਨਾਲ ਕੋਈ ਵੀ ਸਮਝੌਤਾ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹਿੱਤਾਂ ਦੀ ਰਖਵਾਲੀ ਲਈ ਅੱਗੇ ਆਕੇ ਲੜੇਗਾ।
ਬਾਦਲ ਨੇ ਕਿਹਾ ਕਿ ਪੰਥ, ਪੰਜਾਬ, ਕਿਸਾਨ ਤੇ ਸੰਘੀ ਢਾਂਚਾ ਅਕਾਲੀ ਦਲ ਦੇ ਚਾਰ ਥੰਮ ਹਨ ਅਤੇ ਇਨ੍ਹਾਂ ਵਿਚੋਂ ਕਿਸੇ ਇੱਕ ਥੰਮ ਨੂੰ ਵੀ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਏਗਾ। "ਇਹ ਉਹ ਥੰਮ ਹਨ ਜੋ ਸਾਡੇ ਪੁਰਖਾਂ ਨੇ ਮਹਾਨ ਕੁਰਬਾਨੀਆਂ ਦੇ ਖੜੇ ਕੀਤੇ ਹਨ, ਇਨ੍ਹਾਂ ਦੀ ਰਾਖੀ ਸਾਡੀ ਪਵਿੱਤਰ ਜਿੰਮੇਵਾਰੀ ਹੈ।
ਇਹ ਵੀ ਪੜੋ: ਬ੍ਰਿਟਿਸ਼ ਸਿੱਖ ਐਮਪੀ ਨੇ ਯੂਕੇ ਸੰਸਦ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਦੀ ਕੀਤੀ ਮੰਗ
ਬਾਦਲ ਨੇ ਕਿਹਾ ਅਕਾਲੀ ਦਲ ਨੇ ਨਵੇਂ ਐਕਟ ਵਿੱਚ ਜਿੱਥੇ ਕਿਸਾਨਾਂ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਹੈ, ਉਥੇ ਇਸ ਨਾਲ ਕਿਸਾਨਾਂ ਲਈ ਇਹ ਸੰਭਾਵਨਾ ਵੀ ਪੈਦਾ ਕੀਤੀ ਗਈ ਹੈ। ਕਿ ਉਹ ਆਪਣੀ ਫਸਲ ਕਿਸੇ ਵੀ ਅਜਿਹੀ ਜਗ੍ਹਾ ਵੇਚ ਸਕਣ ਜਿੱਥੇ ਉਨ੍ਹਾਂ ਨੂੰ ਵੱਧ ਭਾਅ ਮਿਲਦਾ ਹੋਏ।