ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੀਆਂ ਅਟਕਲਾਂ ਵਿਚਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਆਤਮਸਮਰਪਣ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਅਪੀਲ ਕਰ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਆਤਮਸਮਰਪਣ ਕਰ ਦੇਣਾ ਚਾਹੀਦਾ ਹੈ।
ਪਹਿਲਾਂ ਵੀ ਕਰ ਚੁੱਕੇ ਨੇ ਅਪੀਲ : ਅੰਮ੍ਰਿਤਪਾਲ ਸਿੰਘ ਦੀ 18 ਮਾਰਚ ਤੋਂ ਬਾਅਦ ਫਰਾਰ ਹੋਣ ਦੀਆਂ ਕਿਆਸਅਰਾਈਆਂ ਵਿਚਾਲੇ ਕਈ ਵਾਰ ਇਹ ਸਵਾਲ ਖੜ੍ਹੇ ਹੋਏ ਹਨ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਗ੍ਰਿਫਤ ਵਿੱਚ ਹੈ। ਪਰ ਇਸਦੇ ਨਾਲ ਹੀ ਉਸਦੀਆਂ ਵੀਡੀਓ ਅਤੇ ਵਾਇਰਲ ਹੋਈਆਂ ਤਸਵੀਰਾਂ ਨੇ ਵੀ ਨਵੀਂ ਚਰਚਾ ਛੇੜੀ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਲਗਾਤਾਰ ਦਾਅਵਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਸ ਦਰਮਿਆਨ ਜਥੇਦਾਰ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹ ਬਿਆਨ ਆਉਣਾ ਵੀ ਅਹਿਮ ਹੈ। ਜਥੇਦਾਰ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਆਤਮਸਮਰਪਣ ਕਰਨ ਲਈ ਕਹਿ ਚੁੱਕੇ ਹਨ। ਜਥੇਦਾਰ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਤਕੱਥਨੀ ਗੱਲਾਂ ਕਹੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : Instagram Honey Trap: ਕੀ ਹੈ ਹਨੀਟ੍ਰੈਪ, ਕਿਵੇਂ ਚੱਲਦੈ ਹੁਸਨ ਦਾ ਤਲਿੱਸਮ, ਜਾਣੋ ਇਸ ਖ਼ਬਰ ਰਾਹੀਂ
ਮੀਡੀਆ ਨਾਲ ਮਿਲ ਕੇ ਗਰੁੱਪ ਬਣਾਉਣ ਦਾ ਦਾਅਵਾ: ਇਹ ਵੀ ਯਾਦ ਰਹੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਪੰਜਾਬੀ ਮੀਡੀਆ ਅਤੇ ਨੌਜਵਾਨ ਪੱਤਰਕਾਰੀ ਨੂੰ ਲੈ ਕੇ ਵੀ ਵੱਡੀ ਗੱਲ ਕਹੀ ਹੈ। ਜਥੇਦਾਰ ਨੇ ਕਿਹਾ ਕਿ ਜਿਹੜਾ ਮੀਡੀਆ ਸਰਕਾਰ ਦੇ ਦਮਨ ਖਿਲਾਫ ਭੁੱਗਤੇਗਾ, ਉਸਦਾ ਸਾਥ ਦਿਆਂਗੇ। ਹਾਲਾਂਕਿ ਜਥੇਦਾਰ ਨੇ ਇਹ ਵੀ ਕਿਹਾ ਹੈ ਕਿ ਅਕਾਲ ਤਖਤ ਇਸਨੂੰ ਲੈ ਕੇ ਇਹ ਗਰੁੱਪ ਵੀ ਬਣਾ ਰਿਹਾ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਗਿਲਾ ਵੀ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਜਥੇਦਾਰ ਨੇ ਕਿਹਾ ਕਿ ਪੰਜਾਬ ਮੀਡੀਆ ਲੋਕਤੰਤਰ ਦੇ ਚਾਰ ਥੰਮ੍ਹਾਂ ਵਿੱਚੋਂ ਇੱਕ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਨਿਆਂਪਾਲਿਕਾ ਦੇ ਨਾਲ ਨਾਲ ਪ੍ਰੈੱਸ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਪਰ ਸਰਕਾਰ ਨੂੰ ਇਹ ਵੀ ਇਲਮ ਹੋਣਾ ਚਾਹੀਦਾ ਹੈ ਕਿ ਜੇਕਰ ਚਾਰ ਥੰਮ੍ਹਾਂ ਨੂੰ ਛੋਟਾ ਕਰ ਦਿੱਤਾ ਜਾਵੇ ਤਾਂ ਸਰਕਾਰ ਦਾ ਵਜ਼ੂਦ ਵੀ ਸੁਰੱਖਿਅਤ ਨਹੀਂ ਹੈ।