ਚੰਡੀਗੜ੍ਹ: ਡਰਗ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇਸ ਮਾਮਲੇ 'ਚ SIT ਵਲੋਂ ਬਿਕਰਮ ਮਜੀਠੀਆ ਨੂੰ ਚੌਥੀ ਵਾਰ ਸੰਮਨ ਕੀਤਾ ਗਿਆ ਹੈ, ਜਿਸ 'ਚ 16 ਜਨਵਰੀ ਨੂੰ ਮੁੜ ਤੋਂ ਮਜੀਠੀਆ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਬਿਕਰਮ ਮਜੀਠੀਆ 30 ਦਸੰਬਰ ਨੂੰ ਐਸਆਈਟੀ ਅੱਗੇ ਪੇਸ਼ ਹੋਏ ਸਨ। ਜਿਸ ਦੌਰਾਨ ਉਨ੍ਹਾਂ ਸਰਕਾਰ 'ਤੇ ਨਿਸ਼ਾਨੇ ਵੀ ਸਾਧੇ ਸਨ।
SIT ਦਾ ਨਵਾਂ ਮੁਖੀ ਡੀ.ਆਈ.ਜੀ. ਹਰਚਨ ਸਿੰਘ ਭੁੱਲਰ: ਕਾਬਿਲੇਗੌਰ ਹੈ ਕਿ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਐਸ.ਆਈ.ਟੀ. ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣਗੇ। ਇਸ ਐਸ.ਆਈ.ਟੀ. ਦੇ ਚੇਅਰਮੈਨ ਡੀ.ਆਈ.ਜੀ. ਹਰਚਨ ਸਿੰਘ ਭੁੱਲਰ ਹਨ। ਦੱਸ ਦਈਏ ਕਿ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਚੁੱਕੇ ਹਨ।
30 ਦਸੰਬਰ ਨੂੰ ਹੋਏ ਸੀ ਪੇਸ਼: ਦੱਸ ਦਈਏ ਕਿ ਬਿਕਰਮ ਮਜੀਠੀਆ 30 ਦਸੰਬਰ ਨੂੰ ਐਸਆਈਟੀ ਅੱਗੇ ਪੇਸ਼ ਹੋਏ ਸਨ ਅਤੇ ਉਸ ਤੋਂ ਪਹਿਲਾਂ ਐਸਆਈਟੀ ਨੇ 27 ਦਸੰਬਰ ਨੂੰ ਦੂਜੀ ਵਾਰ ਸੰਮਨ ਕੀਤਾ ਸੀ, ਜਿਸ 'ਚ ਸ਼ਹੀਦੀ ਜੋੜ ਮੇਲ ਦੇ ਦਿਨ ਹੋਣ ਕਾਰਨ ਬਿਕਰਮ ਮਜੀਠੀਆ ਉਸ ਪੇਸ਼ੀ 'ਚ ਪੇਸ਼ ਨਹੀਂ ਹੋਏ ਸਨ, ਜਦਕਿ ਇਸ ਤੋਂ ਪਹਿਲਾਂ 18 ਦਸੰਬਰ ਨੂੰ ਬਿਕਰਮ ਮਜੀਠੀਆ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਤੋਂ ਕੁਝ ਜਵਾਬ ਮੰਗੇ ਗਏ ਸਨ।
SIT 'ਤੇ ਮਜੀਠੀਆ ਨੇ ਚੁੱਕੇ ਸੀ ਸਵਾਲ: ਆਪਣੀ ਤੀਜੀ ਪੇਸ਼ੀ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਉਹ ਕਾਨੂੰਨ ਨੂੰ ਪਿਆਰ ਕਰਨ ਵਾਲੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਏਡੀਜੀਪੀ ਛੀਨਾ ਦੇ ਸੇਵਾਮੁਕਤੀ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਸੀ ਕਿ ਇੱਕ ਪਾਸੇ ਸੇਵਾਮੁਕਤੀ ਪਾਰਟੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਐਸਆਈਟੀ ਦਬਾਅ ਵਿੱਚ ਕੰਮ ਕਰ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਸ਼ਹੀਦੀ ਮੇਲ ਦਾ ਜ਼ਿਕਰ ਕਰਨ ਦੇ ਬਾਵਜੂਦ ਐਸਆਈਟੀ ਨੇ ਉਨ੍ਹਾਂ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ।
ਕਾਂਗਰਸ ਸਰਕਾਰ ਦੌਰਾਨ ਹੋਇਆ ਸੀ ਕੇਸ ਦਰਜ: ਪੁਲਿਸ ਨੇ ਮਜੀਠੀਆ ਖ਼ਿਲਾਫ਼ ਕਾਂਗਰਸ ਸਰਕਾਰ ਦੌਰਾਨ 20 ਦਸੰਬਰ 2021 ਨੂੰ ਕੇਸ ਦਰਜ ਕੀਤਾ ਸੀ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਦੋਸ਼ ਲਗਾ ਚੁੱਕੇ ਹਨ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਰਹਿ ਕੇ ਆਏ ਹਨ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਹ ਉਨ੍ਹਾਂ 'ਤੇ ਲਗਾਇਆ ਗਿਆ ਇੱਕ ਵਿਲੱਖਣ ਐਨਡੀਪੀਐਸ ਕੇਸ ਹੈ, ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਹੀ ਨਹੀਂ ਕੀਤੀ।