ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਏਬੀਵੀਪੀ ਪਾਰਟੀ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਏਬੀਵੀਪੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐਸ.ਐਫ.ਐਸ. ਦੇ ਵਿਦਿਆਰਥੀ ਸਮਰਥਕਾਂ ਵੱਲੋਂ ਪਾਰਟੀ ਦੇ ਇੱਕ ਵਿਦਿਆਰਥੀ ਉੱਤੇ ਹਮਲਾ ਕੀਤਾ ਗਿਆ।
ਇਸ ਬਾਰੇ ਗੱਲ ਕਰਦਿਆਂ ਪੀੜਤ ਵਿਦਿਆਰਥੀ ਨੇ ਦੱਸਿਆ ਕਿ ਉਹ ਪੀ.ਯੂ. ਦੇ ਹੋਸਟਲ ਨੰਬਰ 3 ਦੇ ਬਾਹਰ ਆਇਆ ਸੀ ਅਤੇ ਉਸ 'ਤੇ ਐਸ.ਐਫ.ਐਸ. ਦੇ 10-12 ਵਿਦਿਆਰਥੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਨੂੰ ਗਹਿਰੀਆਂ ਚੋਟਾਂ ਆਈਆਂ ਹਨ। ਉਸ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪੀੜਤ ਵੱਲੋਂ ਕੋਈ ਕਮੈਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੇ ਉਹ ਕਮੈਂਟ ਡੀਲੀਟ ਵੀ ਕਰ ਦਿੱਤਾ ਸੀ ਪਰ ਫਿਰ ਵੀ ਰੰਜਿਸ਼ ਦੇ ਚੱਲਦਿਆਂ ਉਸ 'ਤੇ ਹਮਲਾ ਕੀਤਾ ਗਿਆ।
ਇਸ ਮੌਕੇ ਏਬੀਵੀਪੀ ਸਟੂਡੈਂਟਸ ਲੀਡਰ ਪ੍ਰਿਆ ਸ਼ਰਮਾ ਨੇ ਕਿਹਾ ਕਿ ਐਸ.ਐਫ.ਐਸ. ਵੱਲੋਂ ਕੀਤੀ ਗਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੇ ਨਾਂ ਵੀ ਪੁਲਿਸ ਨੂੰ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਐਸ.ਐਫ.ਐਸ. ਪੰਜਾਬ ਯੂਨੀਵਰਸਿਟੀ ਨੂੰ ਜੇ.ਐਨ.ਯੂ. ਅਤੇ ਜਾਮੀਆ ਮੀਲੀਆ ਇਸਲਾਮਿਆ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਥੇ ਹੀ ਏਬੀਵੀਪੀ ਸਟੂਡੈਂਟਸ ਲੀਡਰ ਹਰੀਸ਼ ਗੁੱਜਰ ਨੇ ਕਿਹਾ ਕਿ ਵੀ.ਸੀ. ਵੱਲੋਂ ਇਸ ਮਾਮਲੇ 'ਤੇ ਕੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਐਸ.ਐਫ.ਐਸ. ਦਿਨੋ ਦਿਨ ਆਪਣੇ ਕੱਟੜਪੰਥੀ ਵਿਚਾਰਾਂ ਕਰਕੇ ਗੁੰਡਾਗਰਦੀ ਦਾ ਰੂਪ ਧਾਰਨ ਕਰ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਵਾਰਦਾਤ ਤੋਂ ਬਾਅਦ ਏ.ਬੀ.ਵੀ.ਪੀ. ਵਿਦਿਆਰਥੀਆਂ ਵੱਲੋਂ ਕਰਵਾਈ ਗਈ ਸ਼ਿਕਾਇਤ 'ਤੇ ਪੁਲਿਸ ਵੱਲੋਂ ਵਿਦਿਆਰਥੀਆਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੁਲਿਸ ਸੀਸੀਟੀਵੀ ਫੁਟੇਜ ਦੇਖਣ ਦੀ ਗੱਲ ਕਹਿ ਰਹੀ ਹੈ ਕਿਉਂਕਿ ਹੁਣ ਤੱਕ ਚਾਰ ਵਿਦਿਆਰਥੀਆਂ ਦੇ ਨਾਮ ਛਪਾਰ ਦੇ ਵਿੱਚ ਦਰਜ ਕੀਤੇ ਗਏ ਹਨ ਅਤੇ ਬਾਕੀ ਅਣਪਛਾਤੇ ਹਨ।