ਚੰਡੀਗੜ੍ਹ: ਤਾਲਾਬੰਦੀ ਦੌਰਾਨ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਭੱਜਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜ਼ੀਰਕਪੁਰ ਦੇ ਪਾਰਸ ਡਾਊਨ ਟਾਊਨ ਮਾਲ ਵਿੱਚ ਕੰਮ ਕਰਦੇ ਸਕਿਓਰਿਟੀ ਗਾਰਡ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹਨ।
ਤਨਖਾਹਾਂ ਨਾ ਮਿਲਣ ਕਾਰਨ ਇਨ੍ਹਾਂ ਸਕਿਓਰਿਟੀ ਗਾਰਡਾਂ ਨੇ ਵੀਰਵਾਰ ਨੂੰ ਮਾਲ ਦੇ ਮੈਨੇਜਮੈਂਟ ਅਤੇ ਸਕਿਓਰਿਟੀ ਏਜੰਸੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕਿਓਰਿਟੀ ਗਾਰਡਾਂ ਨੇ ਮੂੰਹ 'ਤੇ ਮਾਸਕ ਲਗਾ ਕੇ ਅਤੇ ਸਮਾਜਿਕ ਦੂਰੀ ਨੂੰ ਅਪਣਾਉਂਦਿਆਂ ਹੋਇਆ ਇਹ ਪ੍ਰਦਰਸ਼ਨ ਕੀਤਾ।
ਸਕਿਓਰਿਟੀ ਗਾਰਡਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ ਹੈ, ਉਦੋਂ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਮਾਰਚ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜਦੋਂ ਉਹ ਆਪਣੀ ਸਕਿਓਰਿਟੀ ਏਜੰਸੀ ਟੀ.ਵੀ. ਐੱਸ ਐੱਸ ਦੇ ਠੇਕੇਦਾਰ ਨੂੰ ਤਨਖਾਹ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਨਹੀਂ ਮਿਲਦਾ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ।
ਇਨ੍ਹਾਂ ਦਾ ਕਹਿਣਾ ਹੈ ਕਿ ਤਨਖਾਹ ਨਾ ਮਿਲਣ ਕਰਕੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਹ ਲੋਕਾਂ ਤੋਂ ਪੈਸੇ ਉਧਾਰ ਮੰਗ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਵੀ ਉਹ ਆਪਣੀ ਡਿਊਟੀ 'ਤੇ ਕੰਮ ਕਰਦੇ ਰਹੇ ਹਨ।
ਇਹ ਵੀ ਪੜੋ:ਦੁਬਈ 'ਚ ਫ਼ਸੇ 20,000 ਪੰਜਾਬੀ ਵਰਕਰ, ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਮਦਦ ਦੀ ਕੀਤੀ ਅਪੀਲ
ਉੱਥੇ ਹੀ ਮਾਲ ਦੀ ਸ਼ਾਪ ਐਸੋਸੀਏਸ਼ਨ ਦੇ ਜਨਰਲ ਸੈਕਰੇਟਰੀ ਪੰਕਜ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਮਾਲ ਬੰਦ ਸੀ ਤੇ ਦੁਕਾਨਾਂ ਪੂਰੀ ਤਰੀਕੇ ਨਾਲ ਬੰਦ ਸੀ, ਜਿਸ ਕਰਕੇ ਉਨ੍ਹਾਂ ਨੂੰ ਮਾਲੀਆ ਨਹੀਂ ਮਿਲਿਆ। ਉਨ੍ਹਾਂ ਕਿਹਾ ਹੁਣ ਸੋਮਵਾਰ ਤੋਂ ਮਾਲ ਖੁੱਲ੍ਹ ਗਿਆ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਸਾਰੇ ਸਕਿਓਰਿਟੀ ਗਾਰਡਾਂ ਨੂੰ ਜਲਦ ਤੋਂ ਜਲਦੀ ਤਨਖਾਹ ਦਿੱਤੀ ਜਾਵੇ।