ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿੱਚ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਤੇ ਰਾਜਾ ਵੜਿੰਗ ਦੇ ਵਿਚਕਾਰ ਹੋਈ ਨੋਕ ਝੋਕ ਤੋਂ ਬਾਅਦ ਈਟੀਵੀ ਭਾਰਤ ਨੇ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਆਰਟੀਓ ਦੇ ਉੱਪਰ ਪਰਚਾ ਦਰਜ ਹੈ ਤੇ ਮੰਤਰੀ ਵੱਲੋਂ ਉਸ ਨੂੰ ਬਦਲਣ ਬਾਰੇ ਜਵਾਬ ਦਿੱਤਾ ਕਿ ਪੀਸੀਐੱਸ ਨੂੰ ਉਹ ਨਹੀਂ ਬਦਲ ਸਕਦੇ, ਇਨ੍ਹਾਂ ਨੂੰ ਬਦਲਣ ਦਾ ਅਧਿਕਾਰ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ।
ਰਾਜਾ ਵੜਿੰਗ ਨੇ ਕਿਹਾ ਕਿ 15-15 ਸਾਲ ਤੋਂ ਇੱਕ ਹੀ ਜ਼ਿਲ੍ਹੇ ਦੇ ਵਿੱਚ ਬੈਠੇ ਆਰਟੀਏ ਜੋ ਕਿ ਟਰਾਂਸਪੋਰਟ ਮਾਫੀਆ ਦੇ ਨਾਲ ਮਿਲੇ ਹੋਏ ਹਨ, ਵੜਿੰਗ ਵੱਲੋਂ ਉਨ੍ਹਾਂ ਨੂੰ ਬਦਲ ਕੇ ਨਵੇਂ ਪੀਸੀਐੱਸ ਨੂੰ ਲਗਾਉਣ ਦੀ ਮੰਗ ਕੀਤੀ ਗਈ।
ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਕਿਹਾ ਕਿ ਜਸਟਿਸ ਸੂਰਿਆ ਕਾਂਤ ਦੀ ਡਾਇਰੈਕਸ਼ਨ ਨੂੰ ਪੰਦਰਾਂ ਦਿਨ ਦੇ ਅੰਦਰ ਅੰਦਰ ਸੂਬੇ 'ਚ ਲਾਗੂ ਕੀਤਾ ਜਾਵੇਗਾ, ਇਸ ਦੌਰਾਨ ਵੜਿੰਗ ਨੇ ਇਹ ਵੀ ਮੰਨਿਆ ਕਿ ਓਰਬਿਟ ਨਾਂ ਦੀ ਕੰਪਨੀ ਦੇ ਖ਼ਿਲਾਫ਼ ਜੋ ਵਿਧਾਇਕ ਪਹਿਲਾਂ ਆਵਾਜ਼ ਚੁੱਕਦੇ ਰਹੇ ਕਾਰਵਾਈ ਕਰਨ ਨੂੰ ਲੈ ਕੇ ਉਸ ਵਿੱਚ ਸਾਡੀ ਸਰਕਾਰ ਕੋਲੋਂ ਦੇਰੀ ਹੋਈ ਹੈ ਪਰ ਹੁਣ ਟਰਾਂਸਪੋਰਟ ਪਾਲਿਸੀ ਬਣਨ ਤੋਂ ਬਾਅਦ ਕਾਰਵਾਈ ਹੋਵੇਗੀ, ਇਨ੍ਹਾਂ ਨੂੰ ਉਮੀਦ ਹੈ।
ਇਹ ਵੀ ਪੜੋ: ਕੈਪਟਨ ਨੇ ਮਹਿਲਾਵਾਂ ਲਈ ਕੀਤਾ ਵੱਡਾ ਐਲਾਨ, ਬਿਜਲੀ ਮੁੱਦੇ 'ਤੇ ਵ੍ਹਾਈਟ ਪੇਪਰ ਲਿਆਉਣ ਦੀ ਤਿਆਰੀ
ਵੜਿੰਗ ਨੇ ਆਪਣੀ ਹੀ ਸਰਕਾਰ ਦੇ ਉੱਪਰ ਨਿਸ਼ਾਨੇ ਸਾਧਦਿਆਂ ਕਿਹਾ ਕਿ ਜੇਕਰ ਚੰਗੇ ਅਫਸਰ ਵਿਭਾਗ ਦੇ ਵਿੱਚ ਆ ਜਾਣ ਤਾਂ ਇੱਕ ਦਿਨ ਦੇ ਅੰਦਰ-ਅੰਦਰ ਪੀਆਰਟੀਸੀ ਮੁਨਾਫ਼ੇ 'ਚ ਆ ਸਕਦੀ ਹੈ, ਇੰਨ੍ਹਾਂ ਹੀ ਨਹੀਂ ਲਾਲੂ ਪ੍ਰਸਾਦ ਯਾਦਵ ਦੀ ਉਦਾਹਰਨ ਦਿੰਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਉਹ ਰੇਲਵੇ ਮੰਤਰੀ ਰੇਲ ਨੂੰ ਘਾਟੇ 'ਚੋਂ ਕੱਢ ਕੇ ਮੁਨਾਫੇ 'ਚ ਲਿਆ ਸਕਦੇ ਹਨ ਤਾਂ ਪੀਆਰਟੀਸੀ ਕਿਉਂ ਨਹੀਂ ਆ ਸਕਦੀ।