ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੁੱਪੀ ਤੋੜ ਕੇ ਮੁੱਖ ਮੰਤਰੀ ਭਗਵੰਤ ਨੂੰ ਟੈਗ ਕਰ ਕੇ ਇਕ ਟਵੀਟ ਜਾਰੀ ਕੀਤਾ ਹੈ। ਰਾਜਾ ਵੜਿੰਗ ਨੇ ਟਵੀਟ ਕਰ ਕੇ ਭਗਵੰਤ ਮਾਨ ਨੂੰ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਲਦ ਵਿਚਾਰ ਕਰਨ ਤੇ ਇਸ ਨੂੰ ਅਮਲ ਵਿਚ ਲਿਆਉਣ ਲਈ ਦੀ ਮੰਗ ਕੀਤੀ ਹੈ।
ਨਵਜੋਤ ਸਿੱਧੂ ਨੂੰ ਕਾਨੂੰਨ ਉਤੇ ਭਰੋਸਾ : ਨਵਜੋਤ ਸਿੰਘ ਸਿੱਧੂ ਦੇ ਪੁੱਤਰ ਐਡਵੋਕੇਟ ਕਰਨ ਸਿੱਧੂ ਨੇ ਪਿਤਾ ਦੀ ਰਿਹਾਈ ਬਾਰੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਤੇ ਉਹ ਜਲਦ ਆਪਣੀ 1 ਸਾਲ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਬਾਰੇ ਚਰਚਾ ਹੋਈ ਸੀ ਤੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀਆਂ ਨੇ ਸਵਾਗਤ ਦੀ ਤਿਆਰੀ ਕੀਤੀ ਪਰ ਸਰਕਾਰ ਜਾਂ ਕਾਨੂੰਨੀ ਅੜਚਨਾਂ ਕਾਰਨ ਰਿਹਾਈ ਰੁਕ ਗਈ। ਵੈਸੇ ਤਾਂ ਉਨ੍ਹਾਂ ਦੇ ਪਿਤਾ ਦੀ 80 ਫੀਸਦੀ ਸਜ਼ਾ ਫਰਵਰੀ ਦੇ ਅੰਤ ’ਚ ਪੂਰੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਚੰਗਾ ਵਿਵਹਾਰ ਤੇ ਆਪਣੀ ਸਿਫਾਰਸ਼ ’ਤੇ 28 ਦਿਨ ਪਹਿਲਾਂ ਰਿਹਾਅ ਕਰ ਸਕਦੇ ਹਨ।
ਰਿਹਾਅ ਹੋਣ ਵਾਲੇ ਕੈਦੀਆਂ ਦੀ ਸੂਚੀ ਵਿਚ ਸਿੱਧੂ ਦਾ ਨਾਂ ਸ਼ਾਮਲ : ਸਾਬਕਾ ਸੂਬਾ ਪ੍ਰਧਾਨ ਦੀ ਰਿਹਾਈ ਨੂੰ ਲੈ ਕੇ ਕਿਆਸਾਂ ਜਾਰੀ ਹਨ, ਹਾਲਾਂਕਿ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਦੀ ਖਬਰ ਵੀ ਉੱਡੀ ਪਰ ਦੁਬਾਰਾ ਪ੍ਰਸ਼ਾਸਨ ਵੱਲੋਂ ਉਸ ਦੀ ਰਿਹਾਈ ਰੋਕ ਕੇ ਅਪ੍ਰੈਲ ਮਹੀਨੇ ਕੀਤੇ ਜਾਣ ਦੀ ਗੱਲ ਕਹੀ ਗਈ। ਜੇਲ੍ਹ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦਾ ਨਾਂ ਰਿਹਾਅ ਹੋਣ ਵਾਲੇ ਕੈਦੀਆਂ ਦੀ ਸੂਚੀ ਵਿਚ ਸ਼ਾਮਲ ਹੈ, ਜੋ ਕਿ ਰਾਜਪਾਲ ਦੇ ਕੋਲ ਸਾਈਨ ਹੋਣ ਲਈ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ
ਮੌਜੂਦਾ ਪ੍ਰਧਾਨ ਵੱਲੋਂ ਸਾਬਕਾ ਪ੍ਰਧਾਨ ਦੀ ਹਮਾਇਤ : ਹਾਲਾਂਕਿ ਪੰਜਾਬ ਕਾਂਗਰਸ ਵਿਚ ਅਜਿਹੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਦੇ ਮੌਜੂਦਾ ਕਾਂਗਰਸ ਪ੍ਰਧਾਨ ਸਾਬਕਾ ਪ੍ਰਧਾਨ ਦੇ ਹੱਕ ਵਿਚ ਬੋਲੇ ਹੋਣ। ਦਰਅਸਲ ਇਨ੍ਹਾਂ ਦੋਵਾਂ ਦਾ ਤਕਰਾਰ ਰਾਜਾ ਵੜਿੰਗ ਦੀ ਤਾਜਪੋਸ਼ੀ ਤੋਂ ਹੀ ਚੱਲ ਰਿਹਾ ਸੀ ਪਰ ਪਹਿਲੀ ਵਾਰ ਰਾਜਾ ਵੜਿੰਗ ਨਵਜੋਤ ਸਿੱਧੂ ਦੇ ਹੱਕ ਵਿਚ ਬੋਲੇ ਹਨ ਤੇ ਉਨ੍ਹਾਂ ਦੀ ਰਿਹਾਈ ਸਬੰਧੀ ਮੁੱਖ ਮੰਤਰੀ ਅੱਗੇ ਮੰਗ ਰੱਖੀ ਹੈ।