ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਪਾਰਟੀ ਵਲੋਂ ਪੰਜਾਬ ਵਿੱਚ ਚੋਣਾਂ ਦੌਰਾਨ ਦਿੱਲੀ ਮਾਡਲ ਸਣੇ ਕਈ ਗਰੰਟੀਆਂ ਵੀ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚ ਦਿੱਲੀ ਵਾਂਗ ਵਧੀਆ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ 300 ਯੂਨਿਟਾਂ ਤੱਕ ਹਰ ਮਹੀਨੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਸ਼ਾਮਿਲ ਕੀਤਾ ਗਿਆ ਸੀ। ਹੁਣ ਇਹ ਦੇਖਣਾ ਹੈ ਕਿ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਕੈਬਨਿਟ ਵਲੋਂ ਤਿਆਰ ਕੀਤੇ ਇਸ ਬਜਟ ਵਿੱਚ ਕੀਹਨੂੰ ਕੀ ਕੁੱਝ ਮਿਲਦਾ ਹੈ।
ਮਹਿਲਾਵਾਂ: ਪੰਜਾਬ ਸਰਕਾਰ ਵਲੋਂ ਮਹਿਲਾਵਾਂ ਲਈ ਬਜਟ ਵਿੱਚ ਵੱਡਾ ਐਲਾਨ ਹੋਣ ਦੀ ਸੰਭਾਵਨਾ ਹੈ। ਖਾਸਕਰਕੇ ਰੋਜਾਨਾਂ ਦੀਆਂ ਚੀਜਾਂ ਦੇ ਭਾਅ ਵਿਚ ਕਟੌਤੀ ਦੇ ਨਾਲ ਨਾਲ ਰਸੋਈ ਦਾ ਬਜਟ ਸੁਧਾਰਨ ਦੀ ਵੀ ਕੋਸ਼ਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਸਰਕਾਰ ਵਲੋਂ ਮਹਿਲਾਵਾਂ ਨੂੰ ਹਰੇਕ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ ਵੀ ਪੂਰਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਮਹਿਲਾ ਵਿਕਾਸ ਲਈ ਕੁੱਝ ਨਵਾਂ ਹੋ ਸਕਣ ਦੀ ਵੀ ਸੰਭਾਵਨਾ ਹੈ।
ਸਿਹਤ ਖੇਤਰ: ਸਰਕਾਰ ਵਲੋਂ ਪਹਿਲਾਂ ਹੀ ਸਿਹਤ ਖੇਤਰ ਨੂੰ ਆਮ ਆਦਮੀ ਕਲੀਨਕ ਦੇ ਤੋਹਫੇ ਦਿਤੇ ਜਾ ਚੁੱਕੇ ਹਨ। ਸਰਕਾਰ ਹੁਣ ਇਨ੍ਹਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ। ਲੋਕ ਸਿਹਤ ਸਹੂਲਤਾਂ ਵਿਚ ਵਾਧੇ ਨੂੰ ਲੈ ਕੇ ਸਰਕਾਰ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਹਨ। ਸਿਹਤ ਬੀਮੇ ਅਤੇ ਦਵਾਈਆਂ ਨੂੰ ਲੈ ਕੇ ਸਰਕਾਰ ਵਲੋਂ ਨਵਾਂ ਐਲਾਨ ਹੋ ਸਕਦਾ ਹੈ।
ਖੇਤੀਬਾੜੀ: ਪੰਜਾਬ ਦੇ ਖੇਤੀਬਾੜੀ ਸੈਕਟਰ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੀ ਨਜ਼ਰ ਵੀ ਸਰਕਾਰ ਦੇ ਇਸ ਵਾਰ ਦੇ ਪਹਿਲੇ ਬਜਟ ਨਾਲ ਉਮੀਦਾਂ ਜੁੜੀਆਂ ਹੋਈਆਂ ਹਨ। ਬੀਜਾਂ ਦੇ ਭਾਅ, ਦਵਾਈਆਂ, ਸਪਰੇਹਾਂ ਨੂੰ ਲੈ ਕੇ ਕਿਸਾਨਾਂ ਵਲੋਂ ਸਰਕਾਰ ਅੱਗੇ ਕਈ ਵਾਰ ਇਸ ਖੇਤਰ ਨਾਲ ਜੁੜੀਆਂ ਮੰਗਾਂ ਰੱਖੀਆਂ ਗਈਆਂ ਹਨ। ਕੱਲ੍ਹ ਦੇ ਬਜਟ ਵਿੱਚ ਸਰਕਾਰ ਖੇਤੀ ਖੇਤਰ ਲਈ ਕੋਈ ਨਵਾਂ ਐਲ਼ਾਨ ਕਰ ਸਕਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਬੂਰ ਪੈ ਸਕਦਾ ਹੈ।
ਉਦਯੋਗ: ਰੁਜ਼ਗਾਰ ਦੇ ਮੌਕਿਆਂ ਵਿਚ ਉਦਯੋਗਿਕ ਖੇਤਰ ਵੱਡੀ ਭੂਮਿਕਾ ਨਿਭਾਉਂਦਾ ਹੈ। ਸਰਕਾਰ ਵਲੋਂ ਉਦਯੋਗਾਂ ਲਈ ਨਵੀਂ ਨੀਤੀ ਅਤੇ ਇਸ ਤਹਿਤ ਕੋਈ ਵੱਡਾ ਐਲਾਨ ਕਰਨ ਦੀ ਪੂਰੀ ਆਸ ਹੈ। ਉਦਯੋਗਾਂ ਅਤੇ ਸੱਨਅਤੀ ਖੇਤਰ ਨਾਲ ਜੁੜੇ ਲੋਕਾਂ ਦੀਆਂ ਮੰਗਾਂ ਵੀ ਸਰਕਾਰ ਦੇ ਧਿਆਨ ਵਿਚ ਹਨ। ਇਸ ਲਈ ਇਸ ਖੇਤਰ ਦੀ ਵੀ ਸਿੱਧੀ ਨਜਰ ਸਰਕਾਰ ਦੇ ਕੱਲ੍ਹ ਦੇ ਬਜਟ ਉੱਤੇ ਲੱਗੀ ਹੋਈ ਹੈ।
ਇਹ ਵੀ ਪੜ੍ਹੋ : Dera chief Baba Ram Rahim: ਰਾਮ ਰਹੀਮ ਉੱਤੇ ਜਲੰਧਰ ਵਿੱਚ ਹੋਇਆ ਮਾਮਲਾ ਦਰਜ, ਰਵਿਦਾਸ ਅਤੇ ਕਬੀਰ ਮਹਾਰਾਜ ਉੱਤੇ ਟਿੱਪਣੀ ਕਰਨ ਦਾ ਇਲਜ਼ਾਮ
ਸੀਐੱਮ ਨੇ ਲੋਕਾਂ ਤੋਂ ਮੰਗੇ ਸੀ ਸੁਝਾਅ: ਕਾਬਿਲੇਗੌਰ ਹੈ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਬਜਟ 2022 ਦੇ ਲਈ ਲੋਕਾਂ ਵੱਲੋਂ ਰਾਏ ਮੰਗੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਬਜਟ 2022 ਨੂੰ ਤਿਆਰ ਕਰਨ ਦੀ ਪ੍ਰੀਕ੍ਰਿਆ ਵਿੱਚ ਸੂਬੇ ਦੀ ਆਮ ਜਨਤਾ ਆਪਣਾ ਸੁਝਾਅ ਦੇਣ। ਸੀਐੱਮ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਈ ਵੱਡੇ ਫੈਸਲੇ ਲਏ ਗਏ ਹਨ। ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਕੀਤੀ ਜਾ ਵੀ ਰਹੀ ਹੈ। ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ 100 ਦਿਨਾਂ ਅੰਦਰ ਉਨ੍ਹਾਂ ਦੀ ਸਰਕਾਰ ਵੱਲੋਂ ਬਹੁਤ ਵੱਡੇ, ਇਤਿਹਾਸਕ ਅਤੇ ਨਿਵੇਕਲੇ ਫ਼ੈਸਲੇ ਲਏ ਗਏ ਹਨ।