ਚੰਡੀਗੜ੍ਹ: ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੰਜਾਬ ਵਿਧਾਨ 'ਚ ਵਿਰੋਧੀ ਧਿਰ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਇਤਰਾਜ਼ਯੋਗ ਇਸ਼ਤਿਹਾਰ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ। ਜਿਸਦੀ ਸ਼ਿਕਾਇਤ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੂੰ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਕਰਕੇ ਉਹਨਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਆਖਿਆ ਕਿ ਇਹ ਵਿਰੋਧੀਆਂ ਦੀ ਸਾਜਿਸ਼ ਹੈ। ਇਸ ਮਗਰੋਂ ਚੰਡੀਗੜ੍ਹ ਸਾਈਬਰ ਥਾਣਾ ਸੈਕਟਰ-17 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 469, 500 ਅਤੇ ਆਈਟੀ ਐਕਟ ਦੀ 66 ਸੀ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ।
24 ਮਈ ਨੂੰ ਦਿੱਤੀ ਸੀ ਸ਼ਿਕਾਇਤ:- ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਚੰਡੀਗੜ੍ਹ ਦੇ ਸੈਕਟਰ-8 ਸਥਿਤ ਘਰ ਵਿੱਚ ਰਹਿੰਦੇ ਹਨ। 24 ਮਈ ਨੂੰ ਬਾਜਵਾ ਨੇ ਡੀਜੀਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ ਕਿ ਕੋਈ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਪਾਈ ਹੈ। ਇਸ ਪੋਸਟ ਵਿਚ ਇਤਰਾਜ਼ਯੋਗ ਇਸ਼ਤਿਹਾਰ ਦੇ ਨਾਲ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ ਹੈ। ਇਸ ਪੋਸਟ ਦਾ ਪ੍ਰਿੰਟ ਆਊਟ ਵੀ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਨਾਲ ਡੀਜੀਪੀ ਚੰਡੀਗੜ੍ਹ ਨੂੰ ਦਿੱਤਾ ਹੈ।
ਕੀ ਹੈ ਇਤਰਾਜ਼ਯੋਗ ਇਸ਼ਤਿਹਾਰ:- ਇਹ ਇੱਕ ਕਿਸਮ ਦਾ ਨਸ਼ੇ ਦਾ ਇਸ਼ਤਿਹਾਰ ਹੈ, ਇਸ਼ਤਿਹਾਰ ਵਿੱਚ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਇਸ ਦਵਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ਼ਤਿਹਾਰ ਦੇ ਨਾਲ ਉਸ ਦੀ ਫੋਟੋ ਨੂੰ ਇਸ ਤਰ੍ਹਾਂ ਤੋੜਿਆ-ਮਰੋੜਿਆ ਗਿਆ ਸੀ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੇ ਖੁਦ ਹੀ ਉਸ ਦਵਾਈ ਦੀ ਵਰਤੋਂ ਕੀਤੀ ਹੋਵੇ। ਇਸ ਤਰ੍ਹਾਂ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰੋਪੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਪੁਲਿਸ ਹਰਕਤ 'ਚ ਜਾਂਚ ਸ਼ੁਰੂ:- ਡੀਜੀਪੀ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਸਾਈਬਰ ਪੁਲਿਸ ਸਟੇਸ਼ਨ ਨੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉਕਤ ਪੋਸਟ ਨੂੰ ਹਟਾਉਣ ਲਈ ਫੇਸਬੁੱਕ ਨੂੰ ਅਪੀਲ ਭੇਜੀ ਹੈ। ਇਸ ਤੋਂ ਇਲਾਵਾ ਉਸ ਪੋਸਟ ਨੂੰ ਪੋਸਟ ਕਰਨ ਵਾਲੇ ਵਿਅਕਤੀ ਦੀ ਭਾਲ ਵਿੱਚ ਆਈਪੀ ਐਡਰੈੱਸ ਦੀ ਜਾਂਚ ਵਿੱਚ ਲੱਗਾ ਹੋਇਆ ਹੈ। ਸੂਤਰਾਂ ਅਨੁਸਾਰ ਇਹ ਪੋਸਟ ਥੋੜੀ ਪੁਰਾਣੀ ਹੈ, ਪਰ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਸਭ ਤੋਂ ਪਹਿਲਾਂ ਪੋਸਟ ਹਟਾ ਦਿੱਤੀ ਜਾਵੇਗੀ। ਮੀਡੀਆ ਸਾਹਮਣੇ ਫਿਲਹਾਲ ਪ੍ਰਤਾਪ ਸਿੰਘ ਬਾਜਵਾ ਵਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। (ਪ੍ਰੈਸ ਨੋਟ)