ਚੰਡੀਗੜ੍ਹ: ਸ਼ਹਿਰ ਵਿੱਚ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ 'ਮੀਟ ਦ ਕੈਂਡੀਡੇਟ' ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਦੇ ਕਾਂਗਰਸ, ਭਾਜਪਾ ਅਤੇ ਆਵਾਜ਼ ਪਾਰਟੀ ਦੇ ਉਮੀਦਵਾਰਾਂ ਤੋਂ ਚੰਡੀਗੜ੍ਹ ਦੀ ਸਮੱਸਿਆਵਾਂ ਸਬੰਧੀ ਸਵਾਲ ਪੁੱਛੇ ਗਏ।
ਇਸ ਮੌਕੇ ਕਾਂਗਰਸ ਉਮੀਦਵਾਰ ਪਵਨ ਬੰਸਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ 'ਚ ਟ੍ਰੈਫਿਕ ਦੀ ਸਮੱਸਿਆ ਜਿਆਦਾ ਹੈ ਜਿਸ ਦਾ ਹੱਲ ਸਿਰਫ਼ ਮੈਟਰੋ ਨਾਲ ਹੀ ਹੋ ਪਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਪਾਰਟੀ ਦੇ ਗਠਜੋੜ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚੋਣ ਨਤੀਜਿਆਂ ਵਿੱਚ ਅੱਗੇ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੰਡੀਗੜ੍ਹ ਸੀਟ ਕਾਂਗਰਸ ਦੇ ਖਾਤੇ ਹੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਹਰ 15 ਦਿਨ ਬਾਅਦ "ਓਪਨ ਸੈਸ਼ਨ" ਕਰਵਾਇਆ ਜਾਵੇਗਾ, ਜਿਸ ਵਿੱਚ ਹਲਕੇ ਦੇ ਲੋਕਾਂ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਪਵਨ ਬੰਸਲ ਨੇ ਕਿਹਾ ਕਿ ਚੰਡੀਗੜ੍ਹ ਨੂੰ ਸਮਾਰਟ ਸਿਟੀ ਤੋਂ ਸੇਫ਼ ਸਿਟੀ ਬਣਾਉਣ ਦਾ ਟੀਚਾ ਹੈ। ਐਸੋਸੀਏਸ਼ਨ ਵੱਲੋਂ ਪਵਨ ਬੰਸਲ ਤੋਂ ਚੰਡੀਗੜ੍ਹ ਵਿੱਚ ਗੁਰੂ ਘਰ ਬਣਾਏ ਜਾਣ ਦੀ ਵੀ ਮੰਗ ਕੀਤੀ ਗਈ।