ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ 22 ਮਾਰਚ ਤੋਂ ਹੀ ਚੰਡੀਗੜ੍ਹ 'ਚ ਕਰਫਿਊ ਲੱਗਿਆ ਹੋਇਆ ਹੈ। ਇਸ ਤੋਂ ਬਾਅਦ 3 ਮਈ ਨੂੰ ਕੇਂਦਰ ਸਰਕਾਰ ਨੇ ਗ੍ਰੀਨ ਜ਼ੋਨ ਵਿੱਚ ਕੁਝ ਰਿਆਇਤਾਂ ਦਿੱਤੀਆਂ ਸਨ, ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਕਰਫਿਊ ਖ਼ਤਮ ਕਰ ਦਿੱਤਾ ਗਿਆ ਤੇ ਸਿਰਫ਼ ਸ਼ਾਮ ਨੂੰ 7 ਵਜੇ ਤੋਂ ਸਵੇਰੇ ਦੇ 7 ਵਜੇ ਤੱਕ ਚੰਡੀਗੜ੍ਹ ਵਿੱਚ ਲੌਕਡਾਊਨ ਰੱਖਿਆ ਗਿਆ ਹੈ।
ਪਿਛਲੇ ਕੁਝ ਦਿਨਾਂ 'ਚ ਚੰਡੀਗੜ੍ਹ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੀ ਕੋਰੋਨਾ ਪੌਜ਼ੀਟਿਵ ਕੇਸ ਦੀ ਗਿਣਤੀ ਤਕਰੀਬਨ 140 ਤੋਂ ਉੱਪਰ ਹੋ ਚੁੱਕੀ ਹੈ, ਜਿਸ ਕਰਕੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਬਾਰਡਰ 'ਤੇ ਚੰਡੀਗੜ੍ਹ ਵਿੱਚ ਉਨ੍ਹਾਂ ਗੱਡੀਆਂ ਨੂੰ ਹੀ ਐਂਟਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਕੋਲ ਪਾਸ ਹਨ।
ਚੰਡੀਗੜ੍ਹ ਪੰਚਕੂਲਾ ਬਾਰਡਰ ਅਤੇ ਨਾਕੇ 'ਤੇ ਚੈਕਿੰਗ ਕਰਦਿਆਂ ਪੁਲਿਸ ਟੀਮ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ 4 ਮਈ ਤੋਂ ਬਾਅਦ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ, ਜਿਹੜੇ ਲੋਕ ਚੰਡੀਗੜ੍ਹ ਵਿੱਚ ਜਾਂਦੇ ਸੀ, ਉਨ੍ਹਾਂ ਨੂੰ ਬਿਨਾਂ ਪਾਸ ਤੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ, ਪਰ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫਿਰ ਤੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਨ੍ਹਾਂ ਪਾਸ ਤੋਂ ਪੰਚਕੂਲਾ ਅਤੇ ਪੰਜਾਬ ਸਾਈਡ ਬਾਰਡਰ ਤੋਂ ਕੋਈ ਵੀ ਐਂਟਰ ਨਹੀਂ ਕਰੇਗਾ।