ਚੰਡੀਗੜ੍ਹ: ਐਨਆਈਏ ਨੇ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧਤ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ। NIA ਵੱਲੋਂ ਇਹ ਛਾਪੇਮਾਰੀ ਮੰਗਲਵਾਰ ਸਵੇਰੇ ਦਿੱਲੀ, ਰਾਜਸਥਾਨ ਅਤੇ ਹਰਿਆਣਾ 'ਚ ਕੀਤੀ ਗਈ ਹੈ।
ਇਹ ਵੀ ਪੜੋ: ਬੀਐਸਐਫ ਨੇ ਪੰਜਾਬ ਦੀ ਸਰਹੱਦ ਵਿੱਚ ਪਾਕਿ ਤੋਂ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ
ਪੰਜਾਬ ਤੋਂ ਦਿੱਲੀ ਲੈ ਕੇ ਗਈ ਹੈ ਐਨਆਈਏ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਆਈਏ ਪੰਜਾਬ ਦੀ ਜੇਲ੍ਹ ਤੋਂ ਪੁੱਛਗਿੱਛ ਲਈ ਦਿੱਲੀ ਵਿਖੇ ਐਨਆਈਏ ਹੈੱਡਕੁਆਰਟਰ ਉੱਤੇ ਲੈ ਗਈ ਹੈ। ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਕੇਂਦਰੀ ਏਜੰਸੀ ਨੇ ਇਹ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਲੁਧਿਆਣਾ ਵਿੱਚ ਛਾਪੇਮਾਰੀ: ਐਨ ਆਈ ਏ ਵੱਲੋਂ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ ਕੀਤੀ ਗਈ। ਰਵੀ ਰਾਜਗੜ੍ਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ ਤੇ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਵੀ ਨਾਮਜ਼ਦ ਹੈ। ਰਵੀ ਰਾਜਗੜ੍ਹ ਦੇ ਖਿਲਾਫ 10 ਤੋਂ ਵੱਧ ਮਾਮਲੇ ਦਰਜ ਹਨ। ਦੱਸ ਦਈਏ ਕਿ ਸਵੇਰੇ ਤੋਂ ਐਨਆਈਏ ਦੀ ਟੀਮ ਵੱਲੋਂ ਦਾਬਿਸ਼ ਦਿੱਤੀ ਗਈ। 2011 ਵਿੱਚ ਰਵੀ ਨੂੰ ਇਕ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਬਿਸ਼ਨੋਈ ਦੇ ਖ਼ਿਲਾਫ਼ UAPA ਤਹਿਤ ਕੇਸ ਦਰਜ: NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਦੇ ਅੱਤਵਾਦ ਦੇ ਨਾਲ ਵੀ ਸਬੰਧ ਦੱਸੇ ਜਾ ਰਹੇ ਸਨ, ਕਿਉਂਕਿ ਉਸ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਇਨਪੁਟਸ ਵੀ ਸਾਹਮਣੇ ਆ ਰਹੇ ਸਨ। ਇਸੇ ਮਾਮਲੇ ਤਹਿਤ NIA ਨੇ ਉਸ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ।
NIA ਨੇ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ: ਕੇਂਦਰੀ ਏਜੰਸੀ ਨੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਉੱਤਰੀ ਭਾਰਤ ਦੀ ਬਜਾਏ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ। ਦੱਸ ਦਈਏ ਕਿ NIA ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ 25 ਤੋਂ ਵੱਧ ਗੈਂਗਸਟਰਾਂ ਦੀ ਸੂਚੀ ਦਿੱਤੀ ਸੀ, ਜਿਸ 'ਚ ਦਿੱਲੀ, ਹਰਿਆਣਾ, ਪੰਜਾਬ ਦੇ 25 ਗੈਂਗਸਟਰਾਂ ਦੇ ਨਾਂ ਸਨ। ਸੂਤਰਾਂ ਅਨੁਸਾਰ ਇਨ੍ਹਾਂ ਗੈਂਗਸਟਰਾਂ ਦੇ ਗਠਜੋੜ ਨੂੰ ਤੋੜਨ ਲਈ ਇਨ੍ਹਾਂ ਨੂੰ ਉੱਤਰੀ ਭਾਰਤ ਤੋਂ ਦੂਰ ਦੱਖਣੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨਾ ਜ਼ਰੂਰੀ ਹੈ।
ਐਨਆਈਏ ਤੋਂ ਇਲਾਵਾ ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਜੇਲ੍ਹ ਵਿੱਚੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਪਾਕਿਸਤਾਨ ਇਨ੍ਹਾਂ ਗੈਂਗਸਟਰਾਂ ਨੂੰ ਅੱਤਵਾਦੀ ਫੰਡਿੰਗ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤ ਰਿਹਾ ਹੈ।
ਇਹ ਵੀ ਪੜੋ: ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਇੱਕ ਮੌਤ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਸ਼ਾਮਲ ਹੈ ਨਾਮ: ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਵੀ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਉਸ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ, ਉਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਘੜੀ ਸੀ ਅਤੇ ਫਿਰ ਆਪਣੇ ਸ਼ੂਟਰਾਂ ਰਾਹੀਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਤੱਕ ਪੁਲਿਸ ਇਸ ਕਤਲਕਾਂਡ ਦੇ ਮਾਮਲੇ ਵਿੱਚ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।