ਚੰਡੀਗੜ੍ਹ: ਪੰਜਾਬ ਵਿੱਚ ਗਰਭਵਤੀ ਔਰਤਾਂ ਦੀ ਮੌਤ ਦਰ ਨੇ ਸਿਹਤ ਵਿਭਾਗ ਨੂੰ ਸਵਾਲਾਂ ਦੇ ਕਟਿਹਰੇ ਵਿਚ ਪਾ ਦਿੱਤਾ ਹੈ। ਅੰਕੜਿਆਂ ਮੁਤਾਬਿਕ ਪਿਛਲੇ 3 ਮਹੀਨਿਆਂ 'ਚ 87 ਗਰਭਵਤੀ ਔਰਤਾਂ ਦੀ ਪੰਜਾਬ 'ਚ ਮੌਤ ਹੋਈ ਜਿਹਨਾਂ ਵਿਚੋਂ 1 ਨਾਬਾਲਗ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਗਰਭਵਤੀ ਔਰਤਾਂ ਦੀਆਂ ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਪੰਜਾਬ ਦਾ ਸਿਹਤ ਤੰਤਰ ਇਨ੍ਹਾਂ ਮੌਤਾਂ ਨੂੰ ਰੋਕਣ ਅਜੇ ਤੱਕ ਸਫ਼ਲ ਨਹੀਂ ਹੋ ਸਕਿਆ। ਉਹ ਵੀ ਉਸ ਵੇਲੇ ਜਦੋਂ ਮੌਜੂਦਾ ਸਰਕਾਰ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਕ੍ਰਾਂਤੀ ਦੀ ਗੱਲ ਕਰਦੀ ਹੈ। ਸਿਹਤ ਖੇਤਰ ਨੂੰ ਪੰਜਾਬ ਸਰਕਾਰ ਸਭ ਤੋਂ ਵੱਧ ਤਰਜੀਹ ਦੇਣ ਦੇ ਦਾਅਵੇ ਕਰਦੀ ਹੈ। ਇਨ੍ਹਾਂ ਦਾਅਵਿਆਂ ਦਰਮਿਆਨ ਗਰਭਵਤੀ ਔਰਤਾਂ ਦੀਆਂ ਮੌਤਾਂ ਨੂੰ ਠੱਲ੍ਹ ਨਹੀਂ ਪੈ ਰਹੀ।
ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਮੌਤਾਂ: ਗਰਭਵਤੀ ਔਰਤਾਂ ਦੀਆਂ ਮੌਤਾਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈਆਂ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ 16 ਮੌਤਾਂ ਅੰਮ੍ਰਿਤਸਰ 'ਚ ਰਿਕਾਰਡ ਕੀਤੀਆਂ ਗਈਆਂ। ਅੰਮ੍ਰਿਤਸਰ ਤੋਂ ਬਾਅਦ ਤਰਨਤਾਰਨ ਵਿੱਚ 10 ਮੌਤਾਂ ਰਿਕਾਰਡ ਕੀਤੀਆਂ ਗਈਆਂ, ਜਦਕਿ ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਦੋਵਾਂ ਵਿੱਚ 7 ਗਰਭਵਤੀ ਔਰਤਾਂ ਦੀ ਮੌਤ ਹੋਈ। ਇਹ ਚਾਰੇ ਸਰਹੱਦੀ ਜ਼ਿਲ੍ਹੇ ਹਨ ਜਿਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚਲੀਆਂ ਸਿਹਤ ਸੇਵਾਵਾਂ 'ਤੇ ਵੀ ਸਵਾਲ ਉੱਠ ਰਹੇ ਹਨ। ਇਨ੍ਹਾਂ ਅੰਕੜਿਆਂ ਨੇ ਪੰਜਾਬ ਦੇ ਸਿਹਤ ਵਿਭਾਗ ਨੂੰ ਵੀ ਚਿੰਤਾ 'ਚ ਪਾ ਰੱਖਿਆ।
ਕਈਆਂ ਨੇ ਨਿੱਜੀ ਅਤੇ ਕਈਆਂ ਨੇ ਸਰਕਾਰੀ ਹਸਪਤਾਲ 'ਚ ਤੋੜਿਆ ਦਮ: ਇਹ 87 ਮੌਤਾਂ ਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੀ ਹੋਈਆਂ ਹਨ, ਪਰ ਇਕ 17 ਸਾਲਾ ਨਾਬਾਲਗ ਗਰਭਵਤੀ ਦੀ ਮੌਤ ਤਾਂ ਸਭ ਤੋਂ ਵੱਡਾ ਸਵਾਲ ਬਣ ਰਹੀ ਹੈ। ਇਹ ਸਾਰੀਆਂ ਮੌਤਾਂ ਪੰਜਾਬ ਦੇ ਵੱਖ- ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਹੋਈਆਂ ਹਨ।
- ਅੰਮ੍ਰਿਤਸਰ ਵਿਚ 16 ਔਰਤਾਂ ਦੀ ਮੌਤ ਮੈਡੀਕਲ ਕਾਲਜ ਦੇ ਗਾਇਨੀ ਵਿਭਾਗ ਵਿਚ ਹੋਈ ਦੱਸੀ ਜਾ ਰਹੀ ਹੈ।
- ਇਨ੍ਹਾਂ ਵਿਚੋਂ 8 ਦੀ ਮੌਤ ਬੱਚੇ ਦੇ ਜਨਮ ਤੋਂ ਬਾਅਦ ਹੋਈ, ਜਦਕਿ ਬਾਕੀ 8 ਔਰਤਾਂ ਦੀ ਮੌਤ ਬੱਚੇ ਨੂੰ ਜਨਮ ਦਿੰਦੇ ਸਮੇਂ ਹੋਈ।
- ਤਰਨਤਾਰਨ ਦੀਆਂ 10 ਵਿਚੋਂ 8 ਔਰਤਾਂ ਨੇ ਸਰਕਾਰੀ, ਜਦਕਿ 2 ਔਰਤਾਂ ਨੇ ਨਿੱਜੀ ਹਸਪਤਾਲਾਂ ਵਿਚ ਦਮ ਤੋੜਿਆ।
- ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜਿਸ ਔਰਤ ਦੀ ਮੌਤ ਹੋਈ ਉਹ ਆਪਣੇ ਘਰ ਵਿੱਚ ਹੀ ਬੱਚੇ ਨੂੰ ਜਨਮ ਦੇ ਰਹੀ ਸੀ।
- ਦੋ ਔਰਤਾਂ ਦੀ ਮੌਤ ਪ੍ਰਸਵ ਪੀੜਾ ਦੌਰਾਨ ਘਰ ਤੋਂ ਹਸਪਤਾਲ ਲਿਜਾਂਦਿਆਂ ਹੋਈ ਅਤੇ ਇਕ ਔਰਤ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋਈ।
ਔਰਤਾਂ ਦੀਆਂ ਮੌਤਾਂ ਪਿੱਛੇ ਕਈ ਕਾਰਨ: ਹਾਲਾਂਕਿ, ਇਨ੍ਹਾਂ ਔਰਤਾਂ ਦੀਆਂ ਮੌਤਾਂ ਦੇ ਕਾਰਨਾਂ ਦੀ ਪੁਸ਼ਟੀ ਤਾਂ ਸਬੰਧਤ ਹਸਪਤਾਲ ਹੀ ਕਰ ਸਕਦੇ ਹਨ। ਪਰ, ਮੌਤਾਂ ਸਬੰਧੀ ਜੋ ਮੁੱਢਲੀ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਿਕ ਖੂਨ ਦੀ ਕਮੀ, ਖੂਨ ਦਾ ਪ੍ਰਵਾਹ ਠੀਕ ਨਾ ਹੋਣਾ, ਦਿਲ ਦਾ ਦੌਰਾ ਅਤੇ ਛਾਤੀ ਦੇ ਕੈਂਸਰ ਇਨ੍ਹਾਂ ਮੌਤਾਂ ਦੇ ਮੁੱਖ ਕਾਰਨ ਹਨ। ਇਹ ਅੰਕੜਾ ਕੋਈ ਸਾਲਾਂ ਦਾ ਨਹੀਂ ਹੈ, ਬਲਕਿ ਅਪ੍ਰੈਲ 2023 ਤੋਂ ਜੂਨ 2023 ਦਾ ਹੈ। ਪਿਛਲੇ 3 ਮਹੀਨਿਆਂ ਵਿੱਚ 87 ਗਰਭਵਤੀ ਔਰਤਾਂ ਦੀ ਮੌਤ ਸਿਹਤ ਵਿਭਾਗ ਲਈ ਪਹੇਲੀ ਬਣੀ ਹੋਈ ਹੈ ਅਤੇ ਇਸ ਗੱਲ ਵੱਲ ਇਸ਼ਾਰਾ ਹੈ ਕਿ ਜੱਚਾ ਬੱਚਾ ਸੇਵਾਵਾਂ ਵਿਚ ਸੁਧਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਸਿਹਤ ਵਿਭਾਗ ਦਾ ਕੀ ਕਹਿਣਾ ?: ਇਸ ਗੰਭੀਰ ਮੁੱਦੇ ਉੱਤੇ ਜੱਚਾ ਅਤੇ ਬੱਚਾ ਸਿਹਤ ਸੇਵਾਵਾਂ ਪੰਜਾਬ ਦੇ ਅਸਿਸਟੈਂਟ ਡਾਇਰੈਕਟਰ ਡਾ. ਵਿਨੀਤ ਨਾਗਪਾਲ ਨਾਲ ਈਟੀਵੀ ਭਾਰਤ ਦੀ ਟੀਮ ਨੇ ਫੋਨ ਉੱਤੇ ਗੱਲਬਾਤ ਕਰ ਕੇ ਗਰਭਵਤੀ ਔਰਤਾਂ ਦੀ ਮੌਤ ਪਿੱਛੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ।
3 ਮਹੀਨਿਆਂ ਵਿੱਚ 87 ਮੌਤਾਂ ਚਿੰਤਾ ਦਾ ਵਿਸ਼ਾ ਹਨ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਸਬੰਧਿਤ ਸਿਵਲ ਸਰਜਨਾਂ ਤੋਂ ਰਿਪੋਰਟ ਮੰਗੀ ਗਈ ਅਤੇ ਇਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੰਜਾਬ ਵਿੱਚ ਬੱਚਾ ਅਤੇ ਮਾਂ ਦੀ ਦੇਖਭਾਲ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਤਾਂ ਜੋ ਗਰਭ ਅਵਸਥਾ ਦੌਰਾਨ ਔਰਤਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਨ੍ਹਾਂ ਵਿੱਚ 34 ਸਮਰਪਿਤ ਮਾਂ ਅਤੇ ਬਾਲ ਹਸਪਤਾਲਾਂ ਦਾ ਸੰਚਾਲਨ ਸ਼ਾਮਲ ਹੈ। - ਡਾ. ਵਿਨੀਤ ਨਾਗਪਾਲ, ਅਸਿਸਟੈਂਟ ਡਾਇਰੈਕਟਰ, ਜੱਚਾ ਅਤੇ ਬੱਚਾ ਸਿਹਤ ਸੇਵਾਵਾਂ, ਪੰਜਾਬ
ਉਨ੍ਹਾਂ ਦੱਸਿਆ ਕਿ ਸੰਸਥਾਗਤ ਜਣੇਪੇ ਦੀ ਉੱਚ ਪ੍ਰਤੀਸ਼ਤਤਾ, ਅਤੇ ਅਨੀਮੀਆ ਮੁਕਤ ਭਾਰਤ, ਜਨਨੀ ਸ਼ਿਸ਼ੂ ਸੁਰਕਸ਼ਾ ਕਾਰਯਕਰਮ, ਜਨਨੀ ਸੁਰੱਖਿਆ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਤਵਾ ਅਭਿਆਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਨਿਊਜ਼ੀਲੈਂਡ, ਇੰਗਲੈਂਡ ਅਤੇ ਕੀਨੀਆ ਤੋਂ ਰਾਜ ਸਰਕਾਰ ਦੁਆਰਾ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਸਹਿਯੋਗ ਨਾਲ ਮਿਡਵਾਈਫਰੀ ਸਿੱਖਿਅਕਾਂ ਦੇ ਪਹਿਲੇ NE ਬੈਚ ਨੂੰ ਪੜ੍ਹਾਉਣ ਲਈ ਤਾਇਨਾਤ ਕੀਤਾ ਗਿਆ ਹੈ। ਇਸ ਲਈ ਚੁਣੇ ਗਏ 16 ਰਾਜਾਂ ਵਿੱਚੋਂ ਪੰਜਾਬ ਇਸ ਸੰਸਥਾ ਨੂੰ ਸ਼ੁਰੂ ਕਰਨ ਵਾਲਾ ਤੀਜਾ ਸੂਬਾ ਹੈ। ਬੱਚਾ ਅਤੇ ਮਾਂ ਦੀ ਸਿਹਤ ਲਈ ਸੁਧਾਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ।