ਬਠਿੰਡਾ: ਪੰਜਾਬ ਵਿੱਚ ਲੋਕ ਸਭਾ ਹਲਕਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੋਕਿ ਪੰਜਾਬ ਦੇ ਦੋ ਦਿਨਾਂ ਦੇ ਦੌਰੇ ਉੱਤੇ ਹਨ। ਉਨ੍ਹਾਂ ਵੱਲੋਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਗਿਆ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਹਸਤਾਖਰ ਮੁਹਿੰਮ ਦਾ ਹਿੱਸਾ ਵੀ ਬਣੇ।
ਜਨਸਭਾ ਨੂੰ ਸ਼ੇਖਾਵਤ ਨੇ ਕੀਤਾ ਸੰਬੋਧਨ: ਇਸ ਮੌਕੇ ਉਨ੍ਹਾਂ ਵਲੋਂ ਉਚੇਚੇ ਤੌਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਉਨਾਂ ਕਈ ਮੁੱਦਿਆਂ ਉੱਤੇ ਵਿਚਾਰ ਕੀਤਾ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਕਈ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੁਲਾਕਾਤ ਤੋਂ ਬਾਅਦ ਉਹਨਾਂ ਵੱਲੋਂ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਜਨ ਸਭਾ ਨੂੰ ਸੰਬੋਧਨ ਵੀ ਕੀਤਾ ਗਿਆ ਅਤੇ ਪਾਰਟੀ ਦੀਆਂ ਨੀਤੀਆ ਬਾਰੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: Intentional murder cases on China Door User : ਹੁਣ ਚਾਈਨਾ ਡੋਰ ਵਰਤਣ ਵਾਲਿਆਂ ਉੱਤੇ ਦਰਜ ਹੋਣਗੇ ਇਰਾਦਾ ਕਤਲ ਦੇ ਮਾਮਲਾ
ਬੰਦੀ ਸਿੰਘਾਂ ਦੇ ਮਸਲੇ ਉੱਤੇ ਸ਼ੇਖਾਵਤ ਦਾ ਬਿਆਨ: ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਜਨਸਭਾ ਤੋਂ ਬਾਅਦ ਮੀਡੀਆ ਨਾਲ ਵਿਸ਼ੇਸ਼ਤੌਰ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਬਹੁਤ ਸਾਰਾ ਕੰਮ ਕੀਤਾ ਜਾ ਰਿਹਾ ਹੈ ਅਤੇ ਬਹੁਤੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾ ਚੁੱਕੀ ਹੈ ਅਤੇ ਕੁਝ ਦੀਆਂ ਸਜਾਵਾਂ ਵੀ ਮਾਫ਼ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਵਲੋਂ ਕਿਹਾ ਗਿਆ ਕਿ ਜੋ ਵੀ ਬੰਦੀ ਸਿੰਘ ਰਿਹਾਈ ਦੀ ਕਤਾਰ ਵਿੱਚ ਹਨ, ਉਨ੍ਹਾਂ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸ਼ੇਖਾਵਤ ਨੂੰ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਉੱਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੰਮ ਨਾ ਕਰਨ ਦੇਣ ਦੇ ਲਾਏ ਇਲਜ਼ਾਮਾਂ ਉੱਤੇ ਵੀ ਸਵਾਲ ਕੀਤਾ ਗਿਆ। ਇਸ ਦੌਰਾਨ ਸ਼ੇਖਾਵਤ ਨੇ ਇਸ ਸੰਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਵਕਤ ਆਪ ਹੀ ਜਵਾਬ ਦੇ ਦੇਵੇਗਾ।