ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਬੋਲਦਿਆਂ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੋਬਿੰਦ ਬਾਣੀ ਨਹੀਂ, ਦਸਮ ਗ੍ਰੰਥ ਦੀ ਰਚਨਾ ਕੀਤੀ ਹੈ। ਜਿਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੋ ਮੌਜੂਦਾ ਸਿਆਸਤ ਚੱਲ ਰਹੀ ਹੈ ਉਹ ਸਹੀ ਨਹੀਂ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵੀ ਖ਼ੁਦ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਕਈ ਲੀਡਰ ਖ਼ੁਦ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅੰਮ੍ਰਿਤ ਛੱਕ ਲੈਂਦੇ ਹਨ ਪਰ ਖ਼ੁਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁਆਫ਼ੀਨਾਮੇ ਲਈ ਅਰਜ਼ੀ ਦੇ ਦਿੰਦੇ ਹਨ। ਇਸ ਤਰੀਕੇ ਦੀਆਂ ਹਰਕਤਾਂ ਅਕਾਲ ਤਖ਼ਤ ਨੋਟਾ ਲਗਾ ਰਹੀਆਂ ਹਨ ਅਤੇ ਜਥੇਦਾਰ ਨੂੰ ਹੁਣ ਆਪਣੀ ਸੂਝ-ਬੂਝ ਨਾਲ ਕਦਮ ਚੁੱਕਣਾ ਪਵੇਗਾ।
ਪਰ ਰੰਧਾਵਾ ਨੇ ਨਾਲ ਹੀ ਅਯੁੱਧਿਆ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਖ਼ੁਸ਼ੀ ਪ੍ਰਗਟਾਈ ਹੈ। ਭਾਰਤ ਦੇ ਸੈਕੁਲਰ ਦੇਸ਼ ਹੋਣ ਦੀ ਗੱਲ ਕੀਤੀ ਬਾਰੇ ਰੰਧਾਵਾ ਨੇ ਕਿਹਾ ਕਿ ਇੱਥੇ ਹੋਰ ਵੀ ਧਰਮਾਂ ਦੇ ਬਸ਼ਿੰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਸੁਖਜਿੰਦਰ ਰੰਧਾਵਾ ਨੇ ਉਥੇ ਹੀ ਕਿਹਾ ਕਿ ਕਾਰ ਸੇਵਾ ਦੇ ਨਾਂਅ ਉੱਤੇ ਖ਼ੁਦ ਗੁਰਦੁਆਰਾ ਸਾਹਿਬਾਨਾਂ ਦਾ ਪੁਰਾਤਨ ਇਤਿਹਾਸ ਖ਼ਤਮ ਕਰ ਰਹੇ ਹਾਂ ਅਤੇ ਮਾਰਬਲ ਲਾ ਕੇ ਇਤਿਹਾਸ ਨੂੰ ਮਲੀਆ-ਮੇਟ ਕਰ ਰਹੇ ਹਾਂ।
ਚਮਕੌਰ ਦੀ ਗੜ੍ਹੀ ਤੇ ਠੰਡੇ ਬੁਰਜ ਦੀ ਉਦਾਹਰਨ ਦਿੰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਨੂੰ ਇੱਕ ਛੋਟੀ ਗਲੀ ਵਿੱਚੋਂ ਨਿਕਲ ਕੇ ਗੁਰਦੁਆਰਾ ਸਾਹਿਬ ਜਾਣਾ ਪੈਂਦਾ ਸੀ ਅਤੇ ਹੁਣ ਜਦੋਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਤਾਂ ਬਹੁਤ ਖੁੱਲ੍ਹੀ ਥਾਂ ਵਿੱਚ ਬੈਠੇ ਹਨ, ਤਾਂ ਇਸ ਤਰੀਕੇ ਨਾਲ ਇਤਿਹਾਸ ਨੂੰ ਅਸੀਂ ਖ਼ੁਦ ਖ਼ਤਮ ਕਰ ਰਹੇ ਹਾਂ।