ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਵੱਡੇ ਪੱਧਰ 'ਤੇ ਪੁਲਿਸ ਛਾਪੇਮਾਰੀ ਦਾ ਕੇਂਦਰ ਬਣਿਆ ਹੋਇਆ ਹੈ। ਉਸ ਵਲੋਂ ਵੱਡੀ ਗਿਣਤੀ ਵਿੱਚ ਹਥਿਆਰ ਰੱਖਣ ਦੀ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸਿੱਖ ਨੌਜਵਾਨਾਂ ਨੂੰ ਭੜਕਾਉਣ ਲਈ ਨਸ਼ਾ ਮੁਕਤੀ ਕੇਂਦਰ ਚਲਾਏ ਗਏ ਹਨ ਅਤੇ ਇਸ ਲਈ ਇਕ ਵਿਅਕਤੀ ਵਲੋਂ ਤੋਹਫੇ ਵਿੱਚ ਦਿੱਤੀ ਮਰਸਡੀਜ਼ SUV ਦੀ ਵਰਤੋਂ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਨਸ਼ੇ ਦੇ ਵਪਾਰੀ ਵਲੋਂ ਤੋਹਫੇ ਵਿੱਚ ਗੱਡੀ : ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅਰਧ ਸੈਨਿਕ ਬਲਾਂ ਦੇ ਸੈਂਕੜੇ ਜਵਾਨ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਭਾਲ ਵਿੱਚ ਸੂੂਬੇ ਵਿੱਚ ਇੰਟਰਨੈੱਟ ਵੀ ਬੰਦ ਕੀਤਾ ਗਿਆ ਹੈ। ਉਸਨੂੰ ਲੰਘੇ ਸ਼ਨੀਵਾਰ ਨੂੰ ਮਰਸੀਡੀਜ਼ ਐਸਯੂਵੀ ਵਿੱਚ ਤੇਜ਼ ਰਫਤਾਰ ਨਾਲ ਭੱਜਦੇ ਦੇਖਿਆ ਗਿਆ ਸੀ । ਇਸ ਤੋਂ ਬਾਅਦ ਇਹ ਵੀ ਖਬਰ ਆਈ ਕਿ ਉਹ ਆਪਣੀ ਕਾਰ ਛੱਡ ਕੇ ਕਿਸੇ ਬਾਈਕ ਸਵਾਰ ਦੀ ਮਦਦ ਨਾਲ ਫਰਾਰ ਹੋ ਗਿਆ ਹੈ। ਇਹ ਮਰਸਡੀਜ਼ ਕਥਿਤ ਤੌਰ 'ਤੇ ਨਸ਼ੇ ਦਾ ਵਪਾਰ ਕਰਨ ਵਾਲੇ ਰਵੇਲ ਸਿੰਘ ਵਲੋਂ ਉਸਨੂੰ ਤੋਹਫ਼ੇ ਵਜੋਂ ਦਿੱਤੀ ਗਈ ਦੱਸੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਅਕਸਰ SUV ਵਿੱਚ ਸ਼ਹਿਰ ਵਿੱਚ ਘੁੰਮਦਾ ਨਜ਼ਰ ਆਉਂਦਾ ਸੀ।
ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਕੇਂਦਰ ਅਮ੍ਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਦੇ ਤਹਿਤ ਦੋਸ਼ ਤੈਅ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਜਲਦੀ ਹੀ ਕਾਰਵਾਈ ਕਰ ਸਕਦੀ ਹੈ। ਇਹ ਵੀ ਯਾਦ ਰਹੇ ਕਿ 1984 ਵਿੱਚ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਦੀ ਤੁਲਨਾ ਵੀ ਅੰਮ੍ਰਿਤਪਾਲ ਸਿੰਘ ਨਾਲ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਇੱਕ ਕੱਟੜਪੰਥੀ ਪ੍ਰਚਾਰਕ ਹੈ ਅਤੇ ਕਥਿਤ ਤੌਰ 'ਤੇ ਨਸ਼ਾ ਮੁਕਤੀ ਕੇਂਦਰਾਂ ਦੀ ਵਰਤੋਂ ਪਾਕਿਸਤਾਨ ਤੋਂ ਗੈਰ-ਕਾਨੂੰਨੀ ਤੌਰ 'ਤੇ ਹਥਿਆਰਾਂ ਨੂੰ ਸਟੋਰ ਕਰਨ ਲਈ ਵੀ ਕਰਦਾ ਰਿਹਾ ਹੈ।
ਸੂਬੇ ਭਰ 'ਚ ਪੁਲਿਸ ਦੇ ਫਲੈਗ ਮਾਰਚ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਛੇ ਸਾਥੀਆਂ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਸੀ। ਇਹ ਵੀ ਜ਼ਿਕਰਯੋਗ ਹੈ ਅਜਨਾਲਾ ਥਾਣਾ ਵਿਖੇ ਕੀਤੇ ਗਏ ਹੰਗਾਮੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਨਫਰਤ ਭਰੇ ਭਾਸ਼ਣ ਦੇਣ ਸਣੇ ਹੋਰ ਤਿੰਨ ਮਾਮਲੇ ਦਰਜ ਕੀਤੇ ਹਨ। ਪੰਜਾਬ ਪੁਲਿਸ ਅੱਜ ਕਾਰਵਾਈ ਕਰਦਿਆਂ ਅੰਮ੍ਰਿਤਪਾਲ ਦੇ ਕੁਝ ਸਾਥੀਆਂ ਨੂੰ ਅਸਾਮ ਲੈ ਕੇ ਗਈ ਹੈ।