ਚੰਡੀਗੜ੍ਹ: ਰਾਂਚੀ ਵਿੱਚ ਚੱਲ ਰਹੀ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ ਅੱਜ ਪੰਜਾਬ ਦੀ ਅਥਲੀਟ ਮੰਜੂ ਨੇ 35 ਕਿਲੋਮੀਟਰ ਪੈਦਲ ਤੋਰ ਵਿੱਚ 2.57.54 ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਦੀ ਅਥਲੀਟ ਮੰਜੂ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ।
ਨਵਾਂ ਨੈਸ਼ਨਲ ਰਿਕਾਰਡ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ ਅਕਸ਼ਦੀਪ ਸਿੰਘ ਦੀ ਪ੍ਰਾਪਤੀ ਅਤੇ ਅੱਜ ਐਥਲੀਟ ਮੰਜੂ ਵੱਲੋਂ ਨਵਾਂ ਨੈਸ਼ਨਲ ਰਿਕਾਰਡ ਸਥਾਪਤ ਹੋਣ ਉੱਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਮੰਜੂ ਨੂੰ ਏਸ਼ੀਆਈ ਖੇਡਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਬੀਤੇ ਦਿਨ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਏ ਪਹਿਲੇ ਭਾਰਤੀ ਅਥਲੀਟ ਅਕਸ਼ਦੀਪ ਸਿੰਘ ਅਤੇ ਉਸ ਦੇ ਪਿਤਾ ਗੁਰਜੰਟ ਸਿੰਘ ਨੂੰ ਨਿੱਜੀ ਤੌਰ ਉਤੇ ਫੋਨ ਕਰਕੇ ਵਧਾਈਆਂ ਦਿੱਤੀਆਂ।
ਖਿਡਾਰੀਆਂ ਦਾ ਸਨਮਾਨ: ਉਨ੍ਹਾਂ ਅਥਲੀਟ ਨੂੰ ਏਸ਼ਿਆਈ ਅਤੇ ਓਲੰਪਿਕ ਖੇਡਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮੱਦਦ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਉਸ ਨੂੰ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ। ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਇਸ ਸ਼ਨਿਚਰਵਾਰ ਕਾਹਨੇਕੇ ਪਿੰਡ ਆ ਕੇ ਨਿੱਜੀ ਤੌਰ ਉਤੇ ਮੁਬਾਰਕਾਂ ਦੇਣਗੇ। ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀ ਦੇਸ਼ ਅਤੇ ਕੌਮ ਦਾ ਸਰਮਾਇਆ ਹਨ ਅਤੇ ਪੰਜਾਬ ਆਪਣੇ ਹੀਰੇ ਖਿਡਾਰੀਆਂ ਨੂੰ ਸਾਂਭਣ ਲਈ ਕਿਸੇ ਤੋਂ ਵੀ ਪਿੱਛੇ ਨਹੀਂ ਰਹੇਗਾ।
ਇਹ ਵੀ ਪੜ੍ਹੋ: Virat kohli video: ਕਾਰ ਚਲਾ ਕੇ ਅਰੁਣ ਜੇਤਲੀ ਸਟੇਡੀਅਮ ਪਹੁੰਚੇ ਕੋਹਲੀ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ਵਿੱਚ ਪੰਜਾਬੀਆਂ ਨੂੰ ਨਸ਼ੇ ਨਾਲ ਜੋੜ ਕੇ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਗਈ ਪਰ ਹੁਣ ਪੰਜਾਬ ਸਰਕਾਰ ਨੌਜਵਾਨਾਂ ਖੇਡਾਂ ਨਾਲ ਜੋੜ ਕੇ ਬਹੁਤ ਜਲਦ ਸੂਬੇ ਅੰਦਰੋਂ ਨਸ਼ੇ ਦੇ ਕੌੜ ਨੂੰ ਖਤਮ ਕਰ ਦੇਵੇਗੀ। ਖੇਡ ਮੰਤਰੀ ਨੇ ਕਿਹਾ ਪਹਿਲਾਂ ਪੰਜਾਬ ਆਪਣੀ ਜਵਾਨੀ ਅਤੇ ਖਿਡਾਰੀਆੰ ਲਈ ਜਾਣਿਆਂ ਜਾਂਦਾ ਸੀ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਚੱਜੀ ਅਗਵਾਈ ਹੇਠ ਮੁੜ ਤੋਂ ਸੁਨਹਿਰੀ ਦੌਰ ਵੱਲ ਲੈਕੇ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਹਰ ਖਿਡਾਰੀ ਦੀ ਮਦਦ ਕਰਨ ਲਈ ਵਚਨਬੱਧ ਹੈ।