ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਥੇਦਾਰ ਦੇ ਨਾਂ ਟਵੀਟ ਕਰਨ ਤੋਂ ਬਾਅਦ ਹੁਣ ਪ੍ਰਤੀਕਰਮ ਵੀ ਆ ਰਹੇ ਹਨ। ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਵਲੋਂ ਮੁੱਖ ਮੰਤਰੀ ਨੂੰ ਘੇਰਿਆ ਗਿਆ ਸੀ, ਪਰ ਇਸਦੇ ਨਾਲ ਹੀ ਜਥੇਦਾਰ ਵਲੋਂ ਵੀ ਸੀਐੱਮ ਨੂੰ ਜਵਾਬ ਦਿੱਤਾ ਗਿਆ ਹੈ। ਹਾਲਾਂਕਿ ਸੀਐਮ ਵਲੋਂ ਟਵੀਟ ਵਿੱਚ ਬਾਦਲ ਪਰਿਵਾਰਾ ਦਾ ਜ਼ਿਕਰ ਕਰਨ ਕਰਕੇ ਵੀ ਸੁਖਬੀਰ ਬਾਦਲ ਵਲੋਂ ਮਾਨ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਮਾਨ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਜਥੇਦਾਰ ਨੇ ਪੜ੍ਹੋ ਕੀ ਜਵਾਬ ਦਿੱਤਾ : ਦਰਅਸਲ ਮਾਨ ਵਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਜਥੇਦਾਰ ਨੂੰ ਬੇਅਦਬੀਆਂ ਅਤੇ ਗਾਇਬ ਹੋਏ ਸਰੂਪਾਂ ਨੂੰ ਲੈ ਕੇ ਅਲਟੀਮੇਟਮ ਦੇਣਾ ਚਾਹੀਦਾ ਸੀ, ਨਾ ਕਿ ਇਸ ਲਈ ਕਿ ਗ੍ਰਿਫਤਾਰ ਕੀਤੇ ਨੌਜਵਾਨ 24 ਘੰਟਿਆਂ ਵਿੱਚ ਛੱਡੇ ਜਾਣ। ਇਸੇ ਟਵੀਟ ਦਾ ਜਵਾਬ ਦਿੰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪ੍ਰਤੀਕਰਮ ਦਿੱਤਾ ਹੈ। ਇਸ ਵਿੱਚ ਜਥੇਦਾਰ ਨੇ ਲਿਖਿਆ ਹੈ ਕਿ....''ਭਗਵੰਤ ਮਾਨ ਜੀ, ਜਿਵੇਂ ਤੁਸੀ ਪੰਜਾਬ ਦੀ ਨੁਮਾਇਦਗੀ ਕਰਦੇ ਹੋ, ਉਸ ਤਰਾਂ ਮੈਂ ਵੀ ਅਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇਦਾ ਹਾਂ। ਮੈਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ। ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਆ। ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਰਾਜਨੀਤਕ ਲੋਕ ਨਾ ਵਰਤ ਜਾਣ। ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨਾ ਦੇ ਜੇਲੀਂ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ।ਵਾਹਿਗੁਰੂ ਭਲੀ ਕਰੇ।
ਸੁਖਬੀਰ ਬਾਦਲ ਨੇ ਵੀ ਕੀਤੀ ਤਲਖ ਟਿੱਪਣੀ: ਜਥੇਦਾਰ ਦੇ ਜਵਾਬ ਤੋਂ ਬਾਅਦ ਉਸੇ ਜਵਾਬ ਨੂੰ ਆਪਣੇ ਪ੍ਰਤੀਕਰਮ ਨਾਲ ਉਚੇਚਾ ਨੱਥੀ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸੀਐੱਮ ਮਾਨ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ...''ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇੱਕ ਕਠਪੁਤਲੀ ਮੁੱਖ ਮੰਤਰੀ ਝੂਠੀ ਸਰਕਾਰੀ ਤਾਕਤ ਦੇ ਨਸ਼ੇ ਵਿਚ ਇੰਨਾਂ ਅੰਨ੍ਹਾ ਹੋ ਗਿਆ ਹੈ ਕਿ ਦਿੱਲੀ ਬੈਠੀ ਸਿੱਖ ਵਿਰੋਧੀ ਲਾਬੀ ਦੀ ਸ਼ਹਿ ਅਤੇ ਬੇਗਾਨਿਆਂ ਦੀ ਚੁੱਕ ਵਿੱਚ ਆਕੇ ਉਹ ਗੁਰੂ ਘਰ ਨਾਲ ਹੀ ਮੱਥਾ ਲਾਉਣ ਦੀ ਹਿਮਾਕਤ ਕਰ ਬੈਠਾ ਹੈ। ਇਸ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਸਿੱਖ ਇਤਿਹਾਸ ਵਿੱਚ ਗੁਰੂ ਘਰ ਨਾਲ ਖਾਸ ਕਰਕੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਛੇਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਜੰਗ ਛੇੜਣ ਵਾਲਿਆਂ ਦਾ ਹੁੰਦਾ ਆਇਆ ਹੈ। ਹਾਲੇ ਵੀ ਸਮਾਂ ਹੈ ਕਿ ਭਗਵੰਤ ਮਾਨ ਆਪਣੀ ਇਸ ਮੂਰਖਾਨਾ ਧਾਰਮਿਕ ਅਵੱਗਿਆ ਦੇ ਪਸ਼ਚਾਤਾਪ ਵੱਜੋਂ ਬਿਨਾਂ ਦੇਰੀ ਅਤੇ ਬਿਨਾਂ ਸ਼ਰਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲਵੇ।
ਇਹ ਵੀ ਪੜ੍ਹੋ : Painting Exhibition In Chandigarh: ਅਤੀਤ ਦੀਆਂ ਯਾਦਾਂ 'ਚ ਭਰੇ ਰੰਗ, ਇਸ ਕਲਾਕਾਰ ਨੇ ਬੋਲਣ ਲਾਈਆਂ ਤਸਵੀਰਾਂ
ਇਹ ਕੀਤਾ ਸੀ ਮਾਨ ਨੇ ਟਵੀਟ : ਜੇਕਰ ਮਾਨ ਦੇ ਟਵੀਟ ਦੀ ਗੱਲ ਕਰੀਏ ਤਾਂ ਮਾਨ ਵਲੋਂ ਲਿਖਿਆ ਗਿਆ ਸੀ ਕਿ...''ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।''