ਚੰਡੀਗੜ੍ਹ: ਕਾਂਗਰਸ ਸਰਕਾਰ 1984 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਹਮੇਸ਼ਾ ਇਸ ਮਸਲੇ ਨੂੰ ਲੈਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਰਹੀ ਹੈ। ਭਾਵੇਂ ਇਸ ਤੋਂ ਬਾਅਦ ਪੰਜਾਬ ਵਿੱਚ ਤਿੰਨ ਵਾਰ ਕਾਂਗਰਸ ਸਰਕਾਰ ਬਣ ਚੁੱਕੀ ਹੈ, ਪਰ ਹੁਣ ਇੱਕ ਵਾਰ ਫਿਰ ਤੋਂ 1984 ਦੇ ਜ਼ਖ਼ਮਾਂ ਨੂੰ ਕੁਰੇਦਣ ਦਾ ਕੰਮ ਜਗਦੀਸ਼ ਟਾਈਟਲਰ ਨੂੰ ਅਹੁਦਾ ਦੇਕੇ ਕੀਤਾ ਗਿਆ ਹੈ। ਮਾਮਲੇ ਸਬੰਧੀ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਬਲਜੀਤ ਮਰਵਾਹਾ ਕਹਿੰਦੇ ਹਨ ਕਿ ਪਾਰਟੀ ਵਿਚ ਟਾਈਟਲਰ ਦਾ ਵੱਡਾ ਕੱਦ ਹੈ। 1984 ਸਿੱਖ ਕਤਲੇਆਮ ਦੇ ਦੋਸ਼ ਹੋਣ ਦੇ ਬਾਵਜੂਦ ਵੀ ਕਾਂਗਰਸ ਕਦੇ ਟਾਈਟਲਰ ਨੂੰ ਅੱਖੋਂ ਪਰੋਖੇ ਨਹੀਂ ਕਰਦੀ ਅਤੇ ਹਮੇਸ਼ਾ ਵੱਡੇ ਅਹੁੱਦਿਆਂ ਨਾਲ ਨਵਾਜਦੀ ਰਹਿੰਦੀ ਹੈ। ਜਿਸ ਦਾ ਕਾਰਨ ਇਹ ਵੀ ਹੈ ਕਿ ਜਗਦੀਸ਼ ਟਾਈਟਲਰ 1984 ਸਿੱਖ ਕਤਲੇਆਮ ਦਾ ਦੋਸ਼ੀ ਹੋਣ ਦੇ ਬਾਵਜੂਦ ਵੀ ਕਾਂਗਰਸ ਲਈ ਕਦੇ ਚੁਣੌਤੀ ਨਹੀਂ ਬਣਿਆ।
1984 ਤੋਂ ਬਾਅਦ ਲਗਾਤਾਰ ਟਾਈਟਲਰ ਆਪਣੇ ਵਿਧਾਨ ਸਭਾ ਹਲਕੇ ਤੋਂ ਜਿੱਤ ਦਾ ਆ ਰਿਹਾ ਹੈ ਅਤੇ ਕਦੇ ਹਾਰਿਆ ਨਹੀਂ। ਸਿੱਖ ਕਤਲੇਆਮ ਦਾ ਦੋਸ਼ੀ ਹੋਣ ਦੇ ਬਾਵਜੂਦ ਵੀ ਦਿੱਲੀ ਵਿੱਚ ਟਾਈਟਲਰ ਦੀ ਲੋਕ ਪ੍ਰਿਅਤਾ ਘੱਟ ਨਹੀਂ ਹੋਈ। 1984 ਤੋਂ ਬਾਅਦ ਅਜਿਹਾ ਇਕ ਵਾਰ ਵੀ ਨਹੀਂ ਹੋਇਆ ਜਦੋਂ ਟਾਈਟਲਰ ਨੇ ਕੋਈ ਚੋਣ ਹਾਰੀ ਹੋਵੇ। ਇਕ ਵਾਰ ਟਾਈਟਲਰ ਨੂੰ ਟਿਕਟ ਦੇਣ ਦਾ ਵਿਰੋਧ ਜ਼ਰੂਰ ਹੋਇਆ ਸੀ ਜਿਸ ਤੋਂ ਬਾਅਦ ਟਾਈਟਲਰ ਦੇ ਭਰਾ ਨੂੰ ਟਿਕਟ ਦਿੱਤੀ ਗਈ ਸੀ। ਇਸਤੋਂ ਇਲਾਵਾ ਟਾਈਟਲਰ ਨਾਲ ਹੋਰ ਕੁਝ ਵੀ ਵੱਡਾ ਨਹੀਂ ਹੋਇਆ, ਇਸੇ ਲਈ ਕਾਂਗਰਸ ਟਾਈਟਲਰ ਨੂੰ ਦਰਕਿਨਾਰ ਨਹੀਂ ਕਰਦੀ। ਛੋਟੇ ਮੋਟੇ ਵਿਰੋਧ ਦੀ ਕਾਂਗਰਸ ਵੱਲੋਂ ਪ੍ਰਵਾਹ ਨਹੀਂ ਕੀਤੀ ਜਾਂਦੀ।
ਰਾਜਾ ਵੜਿੰਗ ਦੀ ਤਲਖ਼ ਟਿੱਪਣੀ : ਜਗਦੀਸ਼ ਟਾਈਟਲਰ ਲਈ ਕਾਂਗਰਸ ਕਿੰਨੀ ਸੰਜੀਦਾ ਹੈ ਇਸਦਾ ਅੰਦਾਜ਼ਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਤੋਂ ਹੀ ਲਗਾਇਆ ਜਾ ਸਕਦਾ ਹੈ। ਉਹ ਟਾਈਟਲਰ ਵਾਲੇ ਮਾਮਲੇ ਉੱਤੇ ਕੋਈ ਵੀ ਜਵਾਬ ਦੇਣ ਦੀ ਥਾਂ ਪੱਤਰਕਾਰਾਂ ਉੱਤੇ ਭੜਕਦੇ ਨਜ਼ਰ ਆਏ। ਉਹਨਾਂ ਆਖਿਆ ਕਿ ਤੁਹਾਨੂੰ ਕਿਸ ਨੇ ਕਿਹਾ ਕਿ ਟਾਈਟਲਰ ਨੂੰ ਵੱਡਾ ਅਹੁਦਾ ਦਿੱਤਾ ਗਿਆ ਹੈ। ਬਿਨ੍ਹਾਂ ਜਾਣਕਾਰੀ ਤੋਂ ਸਵਾਲ ਨਹੀਂ ਪੁੱਛਣਾ ਚਾਹੀਦਾ ਤੁਸੀਂ ਗਲਤ ਗੱਲ ਕਰ ਰਹੇ ਹੋ। ਦੱਸੋ ਕਿਹੜਾ ਅਹੁਦਾ ਦਿੱਤਾ ਗਿਆ ਕਿਸੇ ਦੇ ਕਹਿਣ ਉੱਤੇ ਅਜਿਹੇ ਸਵਾਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Bandi Singhs raised questions: ਕੌਮੀ ਇਨਸਾਫ ਮੋਰਚਾ ਸਵਾਲਾਂ 'ਚ, ਬੰਦੀ ਸਿੰਘਾਂ ਨੇ ਮੋਰਚੇ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਵਿਰੋਧੀਆਂ ਦੇ ਸੁਰ ਬੁਲੰਦ: ਜਗਦੀਸ਼ ਟਾਈਟਲਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਬਣਾਏ ਜਾਣ ਉੱਤੇ ਵਿਰੋਧੀ ਧਿਰਾਂ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ। ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ ਨੇ ਇਸ ਵਰਤਾਰੇ ਨੂੰ ਨਿੰਦਣਯੋਗ ਦੱਸਿਆ ਹੈ। ਉਹਨਾਂ ਆਖਿਆ ਕਿ ਕਾਂਗਰਸ ਵਾਰ ਵਾਰ ਪੰਜਾਬ ਦੇ ਜ਼ਖਮਾਂ ਨੂੰ ਕੁਰੇਦਣ ਦਾ ਕੰਮ ਕਰ ਰਹੀ ਹੈ।1984 ਦਿੱਲੀ ਸਿੱਖ ਕਤਲੇਆਮ ਵਿੱਚ ਜਗਦੀਸ਼ ਟਾਈਟਲਰ ਦਾ ਪੂਰਾ ਪੂਰਾ ਹੱਥ ਹੈ, ਕਾਂਗਰਸ 1984 ਦੇ ਜਖ਼ਮ ਵਾਰ ਵਾਰ ਖੁਰੇਦਦੀ ਹੈ। ਵਾਰ ਵਾਰ ਟਾਈਟਲਰ ਨੂੰ ਕਿਸੇ ਨਾ ਕਿਸੇ ਵੱਡੀ ਕਮੇਟੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੀ ਕਾਂਗਰਸ ਇੰਨੀ ਲੀਡਰਲੈਸ ਹੋ ਗਈ ਹੈ ਕਿ ਇਕ ਕਾਤਲ ਨੂੰ ਅਹੁਦੇਦਾਰੀਆਂ ਦੇ ਰਹੀ ਹੈ। ਕਾਂਗਰਸ ਪੰਜਾਬੀਆਂ ਨੂੰ ਦੁੱਖ ਦੇਣ ਤੋਂ ਗੁਰੇਜ਼ ਕਰੇ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਵੀ ਕਾਂਗਰਸ ਨੂੰ ਇਸ ਮੁੱਦੇ ਉੱਤੇ ਘੇਰਿਆ ਹੈ। ਉਹਨਾਂ ਆਖਿਆ ਕਿ ਸਿੱਖ ਸਮਾਜ ਟਾਈਟਲਰ ਨੂੰ ਵੱਡਾ ਅਹੁੱਦਾ ਦੇਣ ਪਿੱਛੇ ਚਿੰਤਤ ਹੈ। ਕਾਂਗਰਸ ਜਾਣ ਬੁੱਝ 1984 ਕਤਲੇਆਮ ਦੇ ਦੋਸ਼ੀ ਅਤੇ ਸਿੱਖਾਂ ਦੇ ਕਾਤਲ ਨੂੰ ਨਿਵਾਜ ਰਹੀ ਹੈ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ।