ਚੰਡੀਗੜ੍ਹ: ਨਗਰ ਨਿਗਮ ਭਾਵੇਂ ਆਰਥਿਕ ਮੰਦੀ ਨਾਲ ਜੂਝ ਰਹੀ ਹੈ ਅਤੇ ਫ਼ੰਡਾਂ ਦੀ ਕਮੀ ਵੀ ਹੈ, ਪਰ ਨਿਗਮ ਇਸ ਗੱਲ ਨੂੰ ਖੁੱਲ੍ਹ ਕੇ ਨਹੀਂ ਮੰਨ ਰਹੀ। ਇਸ ਤਹਿਤ ਹੀ ਚੰਡੀਗੜ੍ਹ ਨਿਗਮ ਵੱਲੋਂ ਹਾਲ ਹੀ ਵਿੱਚ ਪਾਣੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਦੋਵੇਂ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨਗਰ ਨਿਗਮ ਵਿਰੁੱਧ ਸੰਘਰਸ਼ ਦੀ ਤਿਆਰੀ ਵਿੱਢ ਰਹੀਆਂ ਹਨ।
ਇਸ ਬਾਬਤ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਦਾ ਕਹਿਣਾ ਹੈ ਕਿ ਨਿਗਮ ਵੈਸੇ ਹੀ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ ਅਤੇ ਹੁਣ ਜਨਤਾ ਦੀ ਜੇਬ 'ਤੇ ਡਾਕਾ ਮਾਰਨ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਖੂਹ ਪੱਟ ਕੇ ਵਿਰੋਧ ਕੀਤਾ ਅਤੇ ਹੁਣ ਪਾਰਟੀ ਹਸਤਾਖਰ ਮੁਹਿੰਮ ਚਲਾਏਗੀ, ਜਿਸ ਦੌਰਾਨ ਲੋਕਾਂ ਦਾ ਸਾਥ ਲੈ ਕੇ ਨਿਗਮ ਵੱਲੋਂ ਵਧਾਈਆਂ ਪਾਣੀ ਦੀਆਂ ਕੀਮਤਾਂ ਦਾ ਵਿਰੋਧ ਕੀਤਾ ਜਾਵੇਗਾ।
ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਿਗਮ ਵੱਲੋਂ ਲਗਾਤਾਰ ਸ਼ਹਿਰ ਦੀ ਜਨਤਾ ਦੀ ਜੇਬ 'ਤੇ ਬੋਝ ਪਾਇਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਕਾਂਗਰਸ ਨੇ ਚੰਡੀਗੜ੍ਹ ਦੀ ਜਨਤਾ ਨੂੰ ਫ੍ਰੀ ਪਾਣੀ ਦਿੱਤਾ ਸੀ। ਇਸਦੇ ਉਲਟ ਹੁਣ ਨਿਗਮ ਨੇ ਹਰ ਪਾਸੇ ਲੁੱਟ ਮਚਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਉਹ ਨਿਗਮ ਵੱਲੋਂ ਵਧਾਏ ਗਏ ਰੇਟਾਂ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਂਗਰਸ ਵੱਲੋਂ ਐਮਸੀ ਦਾ ਇਸ ਗੱਲ ਲਈ ਵਿਰੋਧ ਕੀਤਾ ਜਾਵੇਗਾ।