ਚੰਡੀਗੜ੍ਹ: ਜੇਲ੍ਹ ਵਿਭਾਗ ਪੰਜਾਬ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਮੋਬਾਈਲਾਂ ਦੀ ਵਰਤੋਂ ਸਬੰਧੀ ਨਸ਼ਰ ਹੋ ਰਹੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਗੁੰਮਰਾਹਕੁੰਨ, ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਇਸ ਵੀਡੀਓ ਦਾ ਸੂਬੇ ਦੀਆਂ ਜੇਲ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਬਿਸ਼ਨੋਈ ਦੀ ਵਟਸਐਪ ਵੀਡੀਓ ਕਾਲ: ਜ਼ਿਕਰਯੋਗ ਹੈ ਕਿ ਇੱਕ ਨਿਊਜ਼ ਚੈਨਲ ਨੇ 17 ਸਤੰਬਰ, 2023 ਦੀ ਇੱਕ ਵੀਡੀਓ ਨਸ਼ਰ ਕੀਤੀ ਹੈ ਜਿਸ ਵਿੱਚ ਕਥਿਤ ਹਾਈ ਰਿਸਕ ਕੈਦੀ ਲਾਰੈਂਸ ਬਿਸ਼ਨੋਈ ਵਟਸਐਪ ਵੀਡੀਓ ਕਾਲ ਰਾਹੀਂ ਮੋਨੂੰ ਮਾਨੇਸਰ ਨਾਲ ਗੱਲ-ਬਾਤ ਕਰਦਾ ਦੇਖਿਆ ਗਿਆ ਸੀ। ਮੋਨੂੰ ਮਾਨੇਸਰ ਹਰਿਆਣਾ ਦੇ ਨੂਹ ਜ਼ਿਲੇ ’ਚ ਗੜਬੜੀ ਕਰਨ ਅਤੇ ਹਿੰਸਾ ਭੜਕਾਉਣ ਦੇ ਮੁੱਖ ਦੋਸ਼ੀਆਂ ’ਚੋਂ ਇੱਕ ਹੈ। ਵੀਡੀਓ ਵਿੱਚ ਇਕ ਹੋਰ ਵਿਅਕਤੀ ਲਾਰੈਂਸ ਬਿਸ਼ਨੋਈ ਦੇ ਨਾਲ ਦਫ਼ਤਰੀ ਕੁਰਸੀ ’ਤੇ ਬੈਠਾ ਦਿਖ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਅਤੇ ਇਲਜ਼ਾਮ ਲਾਇਆ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ’ਚ ਹਿਰਾਸਤ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਿਹਾ ਸੀ। ਮਾਮਲੇ ਦੀ ਜਾਂਚ ਇੰਸਪੈਕਟਰ ਜਨਰਲ ਜੇਲ੍ਹਾਂ, ਪੰਜਾਬ ਨੂੰ ਸੌਂਪੀ ਗਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਵੀਡੀਓ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਬੈਠੇ ਵਿਅਕਤੀ ਦੀ ਪਛਾਣ ਰਾਜਕੁਮਾਰ ਉਰਫ ਰਾਜੂ ਬਿਸ਼ਨੋਈ ਵਜੋਂ ਹੋਈ ਹੈ। ਰਾਜਕੁਮਾਰ 25 ਜਨਵਰੀ 2021 ਤੋਂ 22 ਫਰਵਰੀ 2021 ਤੱਕ 28 ਦਿਨਾਂ ਲਈ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦ ਸੀ।
ਲਾਰੈਂਸ ਅਤੇ ਰਾਜੂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਇਕੱਠੇ ਨਹੀਂ ਰਹੇ: ਸਰਕਾਰੀ ਰਿਕਾਰਡ ਮੁਤਾਬਿਕ ਲਾਰੈਂਸ ਬਿਸ਼ਨੋਈ ਸਾਲ 2018 ਤੱਕ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਰਿਹਾ ਕਿਉਂਕਿ ਉਸ ਨੂੰ 4 ਜਨਵਰੀ 2018 ਨੂੰ ਕਿਸੇ ਹੋਰ ਰਾਜ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਹਾ ਅਤੇ ਉਸ ਨੂੰ 24 ਸਤੰਬਰ, 2022 ਨੂੰ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ ਸੀ ਅਤੇ ਬਿਸ਼ਨੋਈ ਨੂੰ 24 ਅਗਸਤ, 2023 ਨੂੰ ਦੁਬਾਰਾ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਖਤਾ ਸਬੂਤਾਂ ਦੇ ਮੱਦੇਨਜ਼ਰ, ਆਈ.ਜੀ. ਜੇਲ੍ਹਾਂ ਨੇ ਲਗਾਏ ਗਏ ਗੁਮਰਾਹਕੁੰਨ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਇਹ ਵੀਡੀਓ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਬਣਾਈ ਗਈ ਕਿਉਂਕਿ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਿਸ਼ਨੋਈ ਦੋਵੇਂ ਕਦੇ ਵੀ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਇਕੱਠੇ ਨਹੀਂ ਰਹੇ ।
ਕਿਸ ਜੇਲ੍ਹ ਦੀ ਵੀਡੀਓ: ਜੇਲ੍ਹ ਚੋਂ ਲਾਰੈਂਸ ਦੀ ਵੀਡੀਓ 'ਤੇ ਭਾਵੇਂ ਆਈ.ਜੀ.ਨੇ ਆਪਣਾ ਪੱਖ ਰੱਖ ਦਿੱਤਾ ਤੇ ਆਖਿਆ ਕਿ ਉਨਹਾਂ ਵੱਲੋਂ ਜਾਂਚ ਕੀਤੀ ਗਈ ਹੈ ਤੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਨਹੀਂ ਹੈ। ਆਈ.ਜੀ. ਵੱਲੋਂ ਬੇਸ਼ੱਕ ਇਸ ਮਾਮਲੇ 'ਤੇ ਆਪਣਾ ਜਵਾਬ ਦੇ ਦਿੱਤਾ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਕਿਸ ਜੇਲ੍ਹ ਦੀ ਵੀਡੀਓ ਹੈ। ਇਸ ਸਵਾਲ ਦਾ ਜਵਾਬ ਨਾ ਮਿਲਣ ਕਾਰਨ ਇਹ ਸਵਾਲ ਕਾਇਮ ਹੈ ਕਿ ਲਾਰੈਂਸ ਦੀ ਇਹ ਵੀਡੀਓ ਕਿਸ ਜੇਲ੍ਹ ਦੀ ਅਤੇ ਕਦੋਂ ਦੀ ਹੈ।
- Lawrence Jail Video Viral: ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਜੇਲ੍ਹ ਤੋਂ ਵੀਡੀਓ ਕਾਲ, ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲਾਂ
- Robbery at Jagdish Garcha's house: ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਅਤੇ ਪਰਿਵਾਰ ਨੂੰ ਬੇਹੋਸ਼ ਕਰਕੇ ਨੌਕਰ ਨੇ ਕੀਤੀ ਲੱਖਾਂ ਦੀ ਲੁੱਟ, ਪੁਲਿਸ ਕਰ ਰਹੀ ਭਾਲ
- Bikram Majithia targets Punjab government: ਮੋਨੂ ਮਾਨੇਸਰ ਅਤੇ ਬਿਸ਼ਨੋਈ ਦੀ ਵੀਡੀਓ ਵਾਇਰਲ ਹੋਣ ਮਗਰੋਂ ਬਿਕਰਮ ਮਜੀਠੀਆ ਦਾ ਸਰਕਾਰ 'ਤੇ ਤੰਜ, ਕਿਹਾ- ਪੰਜਾਬ 'ਚ ਕਾਨੂੰਨ ਵਿਵਸਥਾ ਦਾ ਖਾਤਮਾ
ਸਿਆਸੀ ਬਵਾਲ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਬਹੁਤ ਗਰਮਾ ਗਈ ਸੀ। ਉਸ ਤੋਂ ਲਾਰੈਂਸ ਬਿਸ਼ਨੋਈ ਦੀਆਂ ਇੱਕ ਤੋਂ ਬਾਅਦ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿੰਨ੍ਹਾਂ ਉੱਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਸੀ।ਬਲਕੌਰ ਸਿੰਘ ਨੇ ਇਸ ਮੁੱਦੇ 'ਤੇ ਸਰਕਾਰ ਅਤੇ ਪੁਲਿਸ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਤੇ ਸਿਆਸਤ ਕਿੱਥੋਂ ਤੱਕ ਗਰਮਾਏਗੀ ਅਤੇ ਇਸ ਵੀਡੀਓ ਦੀ ਸੱਚਾਈ ਕਦੋਂ ਸਾਹਮਣੇ ਆਵੇਗੀ।