ਚੰਡੀਗੜ੍ਹ: ਪੁਲਿਸ 'ਤੇ ਅਕਸਰ ਦੋਸ਼ ਲੱਗਦੇ ਰਹਿੰਦੇ ਹਨ। ਪਰ ਇਸ 'ਤੇ ਦੋਸ਼ ਵੱਖਰਾ ਹੈ। ਪੰਜਾਬ ਹਰਿਆਣਾ ਹਾਈਕੋਰਟ 'ਚ ਹਰਿਆਣਾ ਪੁਲਿਸ 'ਤੇ ਘਿਓ ਅਤੇ ਸਿਲਾਈ ਮਸ਼ੀਨਾਂ ਦੀ ਚੋਰੀ ਦੇ ਨਾਲ -ਨਾਲ ਗ਼ੈਰਕਨੂੰਨੀ ਹਿਰਾਸਤ ਦੇ ਦੋਸ਼ ਲੱਗੇ ਹਨ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਆਈਜੀ ਰੇਵਾੜੀ ਰੇਂਜ ਅਤੇ ਐਸਪੀ ਨੂਹ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਹਰਿਆਣਾ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।
ਕੀ ਹੈ ਮਾਮਲਾ:-
ਦੱਸ ਦੇਈਏ ਕਿ ਨੂਹ ਦੇ ਵਸਨੀਕ ਕਾਸਮ ਨੇ ਐਡਵੋਕੇਟ ਫਾਰੂਕ ਅਬਦੁੱਲਾ ਦੇ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਪਟੀਸ਼ਨਕਰਤਾ ਨੇ ਕਿਹਾ ਕਿ 29 ਜੂਨ 2021 ਨੂੰ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕੀਤਾ ਗਿਆ ਸੀ। ਇਸ ਵਿੱਚ ਸਿਰਫ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਾਂਚ ਠੀਕ ਨਹੀਂ ਚੱਲ ਰਹੀ ਸੀ। ਹਾਈ ਕੋਰਟ ਦੇ ਆਦੇਸ਼ਾਂ 'ਤੇ ਜਾਂਚ ਰੇਵਾੜੀ ਪੁਲਿਸ ਨੂੰ ਸੌਂਪੀ ਗਈ ਸੀ। ਇਸ ਆਦੇਸ਼ ਦੇ ਕਾਰਨ, ਬਦਲਾ ਲੈਣ ਦੇ ਲਈ, ਸਥਾਨਕ ਪੁਲਿਸ ਟੀਮ ਨੇ ਘਰ ਉੱਤੇ ਛਾਪਾ ਮਾਰਿਆ ਅਤੇ ਗੈਰਕਨੂੰਨੀ ਤੌਰ ਤੇ ਪਟੀਸ਼ਨਰ ਦੇ ਭਰਾ ਯੂਸਫ ਅਤੇ ਭਤੀਜੇ ਖਲੀ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਦੌਰਾਨ ਪੁਲਿਸ ਨੇ ਘਰ ਵਿੱਚ ਰੱਖਿਆ ਸੋਨਾ, ਨਕਦੀ ਅਤੇ 10 ਕਿਲੋ ਘਿਓ ਅਤੇ ਸਿਲਾਈ ਮਸ਼ੀਨ ਵੀ ਲੁੱਟ ਲਈ। ਪਟੀਸ਼ਨਰ ਨੇ ਹੁਣ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਦੋਵਾਂ ਨੂੰ ਗ਼ੈਰਕਨੂੰਨੀ ਹਿਰਾਸਤ ਤੋਂ ਰਿਹਾਅ ਕਰਨ ਅਤੇ ਲੁੱਟੀਆਂ ਹੋਈਆਂ ਚੀਜ਼ਾਂ ਵਾਪਸ ਕਰਨ ਦੇ ਆਦੇਸ਼ ਜਾਰੀ ਕਰੇ। ਹਾਈ ਕੋਰਟ ਨੇ ਪਟੀਸ਼ਨ 'ਤੇ ਹਰਿਆਣਾ ਸਰਕਾਰ ਅਤੇ ਹੋਰ ਭਾਗੀਦਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ:- ਚੋਰ ਨੂੰ ਚੋਰੀ ਕਰਨੀ ਪਈ ਮਹਿੰਗੀ, ਕਰੰਟ ਲੱਗਣ ਨਾਲ ਹੋਈ ਮੌਤ