ਚੰਡੀਗੜ੍ਹ: ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਵਾਲੀ ਸੰਗਤ ਤੋਂ 20 ਡਾਲਰ ਦਾ ਜਜ਼ੀਆ ਵਸੂਲਣ ਉੱਤੇ ਅੜਿਆ ਹੋਇਆ ਹੈ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਫੀਸ ਦੀ ਅਦਾਇਗੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵੱਲੋਂ ਦਰਸ਼ਨ ਲਈ ਅਦਾਇਗੀ ਕਰਨਾ ਖੁੱਲ੍ਹੇ ਦਰਸ਼ਨਾਂ ਦੀ ਭਾਵਨਾ ਦੇ ਖ਼ਿਲਾਫ਼ ਹੈ। ਉਨ੍ਹਾਂ ਪਾਕਿਸਤਾਨ ਵੱਲੋਂ ਹਰ ਸੰਗਤ ਤੋਂ 20 ਡਾਲਰ ਵਸੂਲਣ ਨੂੰ ਜਜ਼ੀਆ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ 24 ਅਕਤੂਬਰ ਨੂੰ ਸਮਝੌਤੇ ਉੱਤੇ ਦਸਤਖ਼ਤ ਕਰਨ ਜਾ ਰਹੀਆਂ ਹਨ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਸਮਝੌਤੇ ਵਿੱਚ ਇਹ ਗੱਲ ਸ਼ਾਮਲ ਕਰਨੀ ਚਾਹੀਦੀ ਹੈ ਕਿ ਉਹ ਦਰਸ਼ਨ ਦੀ ਲਾਗਤ ਸਹਿਣ ਕਰੇਗੀ।
ਉਨ੍ਹਾਂ ਟਵੀਟ ਰਾਹੀਂ ਕਿਹਾ ਹੈ ਕਿ ਜੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਲਈ 20 ਡਾਲਰ ਦੀ ਫੀਸ ਉੱਤੇ ਅੜਦਾ ਹੈ ਅਤੇ ਭਾਰਤ 24 ਅਕਤੂਬਰ, 2019 ਨੂੰ ਸਮਝੌਤੇ ਤੇ ਦਸਤਖ਼ਤ ਕਰਦਾ ਹੈ, ਤਾਂ ਐਨਡੀਏ/ਭਾਜਪਾ ਦੀ ਸਰਕਾਰ ਨੂੰ ਖੁਦ ਹੀ ਐਮਓਯੂ ਵਿੱਚ ਜਜ਼ੀਆ ਟੈਕਸ ਦੀ ਅਦਾਇਗੀ ਸ਼ਾਮਲ ਕਰਨੀ ਚਾਹੀਦੀ ਹੈ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਲਈ ਅਦਾਇਗੀ ਕਰਨਾ ਪਵਿੱਤਰ ਅਰਦਾਸ ਵਿੱਚ ਖੁੱਲ੍ਹੇ ਦਰਸ਼ਨ ਦੀ ਭਾਵਨਾ ਦੇ ਵਿਰੁੱਧ ਹੈ।
ਮਨੀਸ਼ ਤਿਵਾਰੀ ਨੇ ਹਰ ਸਿੱਖ ਵੱਲੋਂ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਰਹੇ ਗੁਰਦੁਆਰਿਆਂ ਲਈ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਦਾ ਜ਼ਿਕਰ ਕੀਤਾ। "ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।"
ਉਨ੍ਹਾਂ ਕਿਹਾ ਕਿ ਇਹ ਸ੍ਰੀ ਕਰਤਾਰਪੁਰ ਸਾਹਿਬ ਤੱਕ ਮੁਫ਼ਤ ਪਹੁੰਚ ਕਰਨ ਦੀ ਸਹਾਇਤਾ ਵਿੱਚ ਇੱਕ ਬਹੁਤ ਵੱਡਾ ਕਦਮ ਹੋਵੇਗਾ, ਜਿਹੜਾ ਹਰ ਸਿੱਖ ਦਾ ਸੁਪਨਾ ਹੈ, ਜਿਸ ਲਈ ਉਹ ਹਰ ਰੋਜ਼ ਅਰਦਾਸ ਕਰਦਾ ਹੈ।