ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦੇ ਦੋਸ਼ ਵਿੱਚ ਅੰਤਰਿਮ ਜ਼ਮਾਨਤ 'ਤੇ ਚੱਲ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਫਿਲਹਾਲ 10 ਜੁਲਾਈ ਤੱਕ ਜ਼ਮਾਨਤ ਵਧਾ ਦਿੱਤੀ ਗਈ ਹੈ।
ਅੱਜ ਮਾਮਲੇ ਦੀ ਸੁਣਵਾਈ ਮੋਹਾਲੀ ਕੋਰਟ ਵਿੱਚ ਹੋਣੀ ਸੀ ਪਰ ਸੈਣੀ ਦੇ ਵਕੀਲ ਨੇ ਮਾਮਲੇ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਤੇ ਹੁਣ ਕੇਸ ਦੀ ਸੁਣਵਾਈ 10 ਜੁਲਾਈ ਨੂੰ ਹੋਵੇਗੀ। ਦੱਸਣਯੋਗ ਹੈ ਕਿ ਪਹਿਲਾ ਇਹ ਸੁਣਵਾਈ 6 ਜੁਲਾਈ ਨੂੰ ਹੋਈ ਸੀ, ਜਿੱਥੇ ਬਲਵੰਤ ਸਿੰਘ ਮੁਲਤਾਨੀ ਕੇਸ ਨੂੰ ਟਰਾਂਸਫਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਸ ਨੂੰ 8 ਜੁਲਾਈ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਲ 1991 'ਚ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਉਨ੍ਹਾਂ ਦੇ ਭਰਾ ਦੀ ਸ਼ਿਕਾਇਤ 'ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ 6 ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਹੋਈ ਹੈ। ਉਨ੍ਹਾਂ 'ਤੇ ਧਾਰਾ 364 (ਅਗਵਾ ਜਾਂ ਹੱਤਿਆ ਲਈ ਅਗਵਾ ਕਰਨਾ), 201 (ਸਬੂਤ ਮਿਟਾਉਣ), 344 (ਗ਼ਲਤ ਤਰੀਕੇ ਨਾਲ ਕੈਦ ਕਰਨਾ), 330 ਅਤੇ 120ਬੀ (ਅਪਰਾਧਕ ਸਾਜ਼ਿਸ਼) ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ।