ਚੰਡੀਗੜ੍ਹ: ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪੁਲਿਸ ਨੇ ਹੁਣ ਵਿਧਾਇਕ ਦੇ ਪਿਤਾ ਖ਼ਿਲਾਫ਼ ਰਿਸ਼ਵਤ ਦਾ ਇਲਜ਼ਾਮ ਲਾਉਣ ਵਾਲੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਬੰਧੀ ਜਬਰ ਜਨਾਹ ਦੇ ਇਲਜ਼ਾਮ ਲਾਉਣ ਵਾਲੀ ਔਰਤ ਨੇ ਪੁਲਿਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਸੁਨੀਲ ਕੁਮਾਰ ਨਾਲ ਮਕਾਨ ਖਰੀਦਣ ਲਈ ਉਸਦੇ ਘਰ ਗਈ ਸੀ, ਜਿੱਥੇ ਉਸਨੇ ਉਸ ਨਾਲ ਜਬਰ ਜਨਾਹ ਕੀਤਾ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਹੀ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਮੇਰਾ ਸਿਆਸੀ ਕਰੀਅਰ ਅਤੇ ਮੇਰਾ ਅਕਸ ਖਰਾਬ ਕਰਨਾ ਚਾਹੁੰਦੇ ਹਨ।
ਦੱਸ ਦਈਏ ਕਿ ਆਪ ਵਿਧਾਇਕ ਦੇ ਪਿਤਾ ਨੂੰ ਵਿਜੀਲੈਂਸ ਨੇ 10 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈਕੇ ਵਿਜੀਲੈਂਸ ਵੱਲੋਂ ਲਗਾਤਾਰ ਗੁਪਤ ਤਰੀਕੇੇ ਨਾਲ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਠੋਸ ਸਬੂਤ ਹੱਥ ਲੱਗਣ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਵਿਰੋਧੀਆਂ ਨੇ ਕੀਤਾ ਵਾਰ: ਅੰਮ੍ਰਿਤਸਰ ਤੋਂ ਭਾਜਪਾ ਦੇ ਵਾਈਸ ਪ੍ਰਧਾਨ ਡਾਕਟਰ ਰਾਜ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਿਸ਼ਵਤ ਮਾਮਲੇ ਵਿੱਚ ਜੋ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜੋ ਕਾਰਵਾਈ ਕੀਤੀ ਗਈ ਹੈ ਉਸ ਨੇ ਮੁੜ ਤੋਂ ਇਮਾਨਦਾਰ ਅਖਵਾਉਣ ਵਾਲੀ ਪਾਰਟੀ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ। ਡਾਕਟਰ ਰਾਜ ਕੁਮਾਰ ਵੇਰਕਾ ਨੇ ਅੱਗੇ ਕਿਹਾ ਆਮ ਆਦਮੀ ਪਾਰਟੀ ਦੇ 80 ਪ੍ਰਤੀਸ਼ਤ ਲੋਕਾਂ ਉੱਪਰ ਕ੍ਰਿਮਿਨਲ ਕੇਸ ਦਰਜ ਹਨ। ਸੁਰਿੰਦਰ ਕੰਬੋਜ ਅਤੇ ਗੋਲਡੀ ਕੰਬੋਜ ਲੁੱਟਾਂ ਖੋਹਾਂ ਕਰਨ ਲਈ ਦੋਵੇਂ ਮਸ਼ਹੂਰ ਹਨ। ਭਾਜਪਾ ਆਗੂ ਨੇ ਕਿਹਾ ਕਿ ਵਿਧਾਇਕ ਦੇ ਪਿਤਾ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹੁਣ ਮਾਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਡੂੰਘੀ ਜਾਂਚ ਕਰਕੇ ਵਿਧਾਇਕ ਗੋਲਡੀ ਕੰਬੋਜ ਨੂੰ ਵੀ ਬਾਹਰ ਦਾ ਰਸਤਾ ਦਿਖਾਵੇ।
ਪਹਿਲਾਂ ਵੀ ਹੋਈਆਂ ਕਾਰਵਾਈਆਂ: ਵਿਜੀਲੈਂਸ ਵੱਲੋਂ ਪੰਜਾਬ ਸਰਕਾਰ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਕੀਤੇ ਗਏ ਐਕਸ਼ਨਾਂ ਦੀ ਲਿਸਟ ਲੰਮੀ ਹੈ। ਇਹ ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਹੈ ਕਿ ਕੋਈ ਪਾਰਟੀ ਇਸ ਤਰ੍ਹਾਂ ਕਰੜੇ ਹੱਥੀ ਭ੍ਰਿ੍ਸ਼ਟਾਚਾਰ ਨੂੰ ਲੈ ਕੇ ਸਖ਼ਤੀ ਵਰਤਦਿਆਂ ਆਪਣੇ ਮੰਤਰੀਆਂ ਨੂੰ ਵੀ ਨਹੀਂ ਬਖ਼ਸ਼ ਰਹੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਸਾਬਕਾ ਸਿਹਤ ਮੰਤਰੀ ਵਿਜੇਇੰਦਰ ਸਿਗਲਾ, ਫੌਜਾ ਸਿੰਘ ਸਰਾਰੀ ਅਤੇ 'ਆਪ' ਵਿਧਾਇਕ ਅਮਿਤ ਰਤਨ ਉੱਤੇ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਕਈ ਕਾਂਗਰਸੀ ਅਤੇ ਭਾਜਪਾ ਦੇ ਮੰਤਰੀਆਂ ਉੱਤੇ ਵੀ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਜੇਇੰਦਰ ਸਿੰਗਲਾ, ਸਾਧੂ ਸਿੰਘ ਧਰਮ ਸੋਤ, ਗੁਰਪ੍ਰੀਤ ਸਿੰਘ ਕਾਂਗੜ ਤੋਂ ਇਲਾਵਾ ਬਹੁਤ ਸਾਰੇ ਮੰਤਰੀ ਵਿਜੀਲੈਂਸ ਦੀ ਰਡਾਰ ਉੱਤੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੇ ਘਰ ਪਸਰਿਆ ਸੋਗ, ਮਾਂ ਨੇ ਕਿਹਾ- ਮੈਨੂੰ ਮੇਰੇ ਪੁੱਤ ਦੀ ਸ਼ਹਾਦਤ 'ਤੇ ਮਾਣ